
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆ ਹੋਇਆ ਪੁਲਿਸ ਤੁਰੰਤ ਹਰਕਤ ਵਿਚ ਆਈ
ਲੁਧਿਆਣਾ - ਮਿਤੀ 02-11-2020 ਨੂੰ ਸਮਾਂ 06:15 ਮਿੰਟ ਸ਼ਾਮ ਨੂੰ ਬਲਦੇਵ ਸਿੰਘ ਪੁੱਤਰ ਸ੍ਰੀ ਰਤਨ ਸਿੰਘ, ਪ੍ਰਧਾਨ ਸਿੰਘ ਸਭਾ ਗੁਰਦੁਆਰਾ ਸਾਹਿਬ ਸੁਤੰਤਰ ਨਗਰ, ਵਾਸੀ ਗਰੇਵਾਲ ਕਲੌਨੀ, ਟਿੱਬਾ ਰੋਡ, ਲੁਧਿਆਣਾ ਨੇ ਇਤਲਾਹ ਦਿੱਤੀ ਕਿ ਉਹਨਾਂ ਦੇ ਮੁਹੱਲੇ ਦੇ ਲੜਕੇ ਸੇਵਾ ਸਿੰਘ ਨੇ ਉਸ ਨੂੰ ਫੋਨ ਰਾਂਹੀ ਦੱਸਿਆ ਕਿ ਜਵੱਦੀ ਵਾਲਿਆਂ ਦੀ ਕੋਠੀ ਨੂੰ ਜਾਂਦੇ ਚੌਰਾਹੇ ਦੇ ਖੱਬੇ ਪਾਸੇ ਝੋਨੇ ਦੇ ਖੇਤ ਕੋਲ ਦੋ ਅਣਪਛਾਤੇ ਸਿੱਖ ਨੌਜਵਾਨ, ਜਿਨ੍ਹਾਂ ਨੇ ਪੀਲੇ ਪਟਕੇ ਬੰਨੇ ਸਨ
ਜੋ ਡਿਸਕਵਰ ਮੋਟਰਸਾਈਕਲ 'ਤੇ ਸਨ ਉਹ ਦੋਨੋਂ ਸਿੱਖ ਨੌਜਵਾਨ ਚਿੱਟੇ ਰੰਗ ਦੇ ਕੱਪੜੇ ਵਿਚ ਉਸ ਦੇ ਸਾਹਮਣੇ ਕੁਝ ਸੁੱਟ ਕੇ ਚਲੇ ਗਏ, ਜਦੋ ਸੇਵਾ ਸਿੰਘ ਨੇ ਦੇਖਿਆ ਤਾਂ ਉਥੇ ਗੁਟਕਾ ਸਾਹਿਬ ਜੀ ਦੇ ਅੰਗ ਖਿੱਲਰੇ ਪਏ ਸਨ ਅਤੇ ਕੁਝ ਚਿੱਟੇ ਰੰਗ ਦੀ ਥੈਲੀ ਵਿਚ ਪਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 178 , ਮਿਤੀ 02-11-2020 ਅਧੀਨ ਧਾਰਾ 295ਏ-34 ਭ-ਦੰਡ, ਥਾਣਾ ਟਿੱਬਾ, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆ ਹੋਇਆ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਨਾਲ ਲੱਗਦੇ ਇਲਾਕੇ ਦੇ ਮੋਹਤਵਾਰ ਵਿਅਕਤੀਆਂ ਸਮੇਤ ਦੋ ਗੁਰਦੁਆਰਾ ਸਾਹਿਬ ਦੇ ਪ੍ਰਧਾਨਾਂ ਨੂੰ ਨਾਲ ਲੈ ਕੇ ਘਟਨਾ ਵਾਲੇ ਸਥਾਨ ਤੇ ਖਿੱਲਰੇ ਹੋਏ ਅੰਗਾਂ ਨੂੰ ਮਰਿਆਦਾ, ਸਤਿਕਾਰ ਅਤੇ ਕਾਨੂੰਨੀ ਜਾ਼ਬਤੇ ਅਨੁਸਾਰ ਇਕੱਠਾ ਕੀਤਾ ਗਿਆ ਅਤੇ ਪਾਇਆ ਗਿਆ ਕਿ ਇਹ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੈਚੀ ਸਾਹਿਬ ਅਤੇ ਗੁੱਟਕਾ ਸਾਹਿਬ ਵਿਚੋਂ ਪਾੜੇ ਗਏ ਸਨ।
ਇਹਨਾਂ ਮੋਹਤਵਾਰ ਵਿਅਕਤੀਆਂ ਦੀ ਹਾਜਰੀ ਵਿਚ ਇਤਲਾਹ ਦੇਣ ਵਾਲੇ ਸੇਵਾ ਸਿੰਘ ਨਾਮੀ ਨੌਜਵਾਨ ਦੀ ਪੁੱਛਗਿਛ ਕੀਤੀ ਗਈ ਅਤੇ ਸੇਵਾ ਸਿੰਘ ਵੱਲੋ ਦੱਸਣ ਅਨੁਸਾਰ ਪੁਲਿਸ ਵੱਲੋ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਨੂੰ ਬਾਰੀਕੀ ਨਾਲ ਚੈਕ ਕੀਤਾ ਗਿਆ। ਸੇਵਾ ਸਿੰਘ ਵੱਲੋ ਦੱਸੇ ਅਨੁਸਾਰ ਲਾਲ ਰੰਗ ਦੇ ਮੋਟਰਸਾਈਕਲ ਤੇ ਦੋ ਅਣਪਛਾਤੇ ਨੌਜਵਾਨ ਘਟਨਾ ਵਾਲੀ ਜਗ੍ਹਾ ਤੇ ਜਾਂਦੇ ਨਹੀ ਪਾਏ ਗਏ। ਜਿਸ ਕਾਰਨ ਸੇਵਾ ਸਿੰਘ ਦੀਆਂ ਗੱਲਾਂ ਅਤੇ ਹਰਕਤਾਂ ਤੇ ਪੁਲਿਸ ਨੂੰ ਸ਼ੱਕ ਜ਼ਾਹਿਰ ਹੋਣ ਤੇ ਪੁਲਿਸ ਵੱਲੋ ਸੇਵਾ ਸਿੰਘ ਤੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਜਸੋ ਤੋਂ ਬਾਅਦ ਉਸ ਨੇ ਮੰਨਿਆ ਕਿ ਇਸ ਘਟਨਾਂ ਨੂੰ ਉਸ ਵੱਲੋ ਹੀ ਅੰਜਾਮ ਦਿੱਤਾ ਗਿਆ।
ਤਫਤੀਸ਼ ਦੌਰਾਨ ਸੇਵਾ ਸਿੰਘ ਨੇ ਦੱਸਿਆ ਕਿ ਉਸ ਨੇ ਗੁਰੂ ਨਾਨਕ ਸੇਵਾ ਦਲ ਦਾ ਵੱਟਸਐਪ ਗਰੁੱਪ ਜੁਆਇੰਨ ਕੀਤਾ ਸੀ, ਜਿਸ ਦੇ ਬਿਊਰੋ ਚੀਫ ਪੰਜਾਬ ਸਟਾਰ ਡੇਲੀ ਸੱਚ ਦੀਆਂ ਤਰੰਗਾਂ ਦੇ ਇੱਕ ਜੱਥੇਦਾਰ ਬਟਾਲਾ ਨਿਵਾਸੀ ਹਨ। ਇਸੇ ਦੌਰਾਨ ਸੇਵਾ ਸਿੰਘ ਦਾ ਸਬੰਧ ਪੰਜਾਬ ਸਟਾਰ ਡੇਲੀ ਦੇ ਇਕ ਹੋਰ ਮੁਲਾਜਿਮ ਨਾਲ ਹੋ ਗਿਆ , ਜਿਸ ਨੇ ਸੇਵਾ ਸਿੰਘ ਨੂੰ ਖ਼ਬਰਾ ਭੇਜਣ ਲਈ ਉਤਸ਼ਾਹਿਤ ਕੀਤਾ। ਸੇਵਾ ਸਿੰਘ ਵੱਲੋ ਤਿੰਨ-ਚਾਰ ਖ਼ਬਰਾ ਭੇਜ ਵੀ ਦਿੱਤੀਆਂ ਗਈਆਂ। ਸੇਵਾ ਸਿੰਘ ਨੇ ਜਲਦੀ ਪ੍ਰਸਿੱਧੀ ਹਾਸਲ ਕਰਨ ਲਈ ਇਸ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਤਾਂ ਕਿ ਇਸ ਘਟਨਾ ਦੀ ਰਿਪੋਰਟ ਕਰਕੇ ਉਹ ਪ੍ਰਸਿੱਧੀ ਹਾਸਿਲ ਕਰ ਸਕੇ ਅਤੇ ਇਸ ਘਟਨਾਂ ਦੀ ਵੀਡੀੳ ਵੀ ਬਣਾ ਲਈ।
ਮੋਹਤਵਾਰ ਵਿਅਕਤੀਆਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨਾਂ ਦੀ ਹਾਜ਼ਰੀ ਵਿਚ ਸੇਵਾ ਸਿੰਘ ਦੇ ਘਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੈਚੀ ਸਾਹਿਬ ਅਤੇ ਗੁਟਕਾ ਸਾਹਿਬ ਬਰਾਮਦ ਕੀਤੇ ਗਏ, ਜਿਨਾਂ ਵਿਚੋਂ ਸੇਵਾ ਸਿੰਘ ਨੇ ਅੰਗ ਪਾੜ ਕੇ ਘਟਨਾ ਵਾਲੇ ਸਥਾਨ ਤੇ ਖਿਲਾਰੇ ਸਨ। ਸੈਚੀ ਸਾਹਿਬ ਅਤੇ ਗੁਟਕਾ ਸਾਹਿਬ ਨੂੰ ਮਰਿਆਦਾ ਅਨੁਸਾਰ ਸੰਭਾਲਿਆ ਗਿਆ। ਸੇਵਾ ਸਿੰਘ ਦੇ ਘਰੋਂ ਬੇਸਮੈਟ ਵਿਚੋਂ ਪੁਰਾਣੇ ਗੁਟਕਾ ਸਾਹਿਬ ਦੇ ਪਾਟੇ ਹੋਏ ਅੰਗਾਂ ਦਾ ਇਕ ਸੂਟਕੇਸ ਵੀ ਬਰਾਮਦ ਕੀਤਾ ਗਿਆ।
ਲੁਧਿਆਣਾ ਪੁਲਿਸ ਵੱਲੋ ਇਸ ਸਮੁੱਚੀ ਘਟਨਾ ਦੀ ਤਫਤੀਸ਼ ਮੁਸਤੈਦੀ ਅਤੇ ਵਿਗਿਆਨਿਕ ਢੰਗ ਨਾਲ ਕੀਤੀ ਜਾ ਰਹੀ ਹੈ। ਮੁਕੱਦਮੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸਟੇਟ ਦੀ ਫਰਾਂਸਿੰਕ ਟੀਮ ਚੰਡੀਗੜ੍ਹ ਤੋ ਲੁਧਿਆਣਾ ਪਹੁੰਚ ਚੁੱਕੀ ਹੈ ਤਾਂ ਕਿ ਪਾੜੇ ਗਏ ਪਵਿੱਤਰ ਅੰਗਾਂ ਅਤੇ ਸੇਵਾ ਸਿੰਘ ਦੇ ਘਰੋ ਹੋਈ ਸੈਚੀ ਸਾਹਿਬ ਅਤੇ ਗੁਟਕਾ ਸਾਹਿਬ ਦਾ ਮੁਲਾਂਕਣ ਕਰਕੇ ਵਿਸਥਾਰਪੂਰਵਕ ਰਿਪੋਰਟ ਤਿਆਰ ਕੀਤੀ ਜਾ ਸਕੇ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।