
ਸਾਰੇ ਅਕਾਲੀ ਦਲਾਂ ਨੂੰ ਭੰਗ ਕਰ ਕੇ ਇਕ ਅਕਾਲੀ ਦਲ ਬਣਾਉਣ ਦੀ ਸਲਾਹ.........
ਬਠਿੰਡਾ (ਦਿਹਾਤੀ)/ਸੰਗਤ ਮੰਡੀ, ਕੋਟਕਪੂਰਾ : ਦੇਸ਼ ਦੀ ਵੰਡ ਸਦਕਾ ਸਿੱਖ ਕੌਮ ਤੋਂ ਵਿਛੋੜੇ ਗੁਰਦਵਾਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਕਰਤਾਰਪੁਰ ਲਾਂਘੇ ਲਈ ਭਾਰਤ-ਪਾਕਿਸਤਾਨ ਦੋਵਾਂ ਸਰਕਾਰਾਂ ਵਲੋਂ ਕੀਤੀ ਸ਼ੁਰੂਆਤ ਸ਼ਲਾਘਾਯੋਗ ਹੈ। ਲਾਂਘੇ ਦੀ ਸ਼ੁਰੂਆਤ, ਵੰਡ ਉਪਰੰਤ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਚਲ ਰਹੇ ਟਕਰਾ ਤੇ ਤਣਾਅ ਪੂਰਵਕ ਮਾਹੌਲ ਨੂੰ ਘਟਾਉਣ ਅਤੇ ਸ਼ਾਂਤੀ, ਆਪਸੀ ਪਿਆਰ ਤੇ ਸਦਭਾਵਨਾ ਵਾਲੇ ਮਾਹੌਲ 'ਚ ਤਬਦੀਲ ਕਰਨ ਅਤੇ ਵਪਾਰ ਦੀਆਂ ਸੰਭਾਵਨਾਵਾਂ ਵਧਣ ਕਾਰਨ ਦੋਹਾਂ ਦੇਸ਼ਾਂ ਦੀ ਤਰੱਕੀ ਦੀ ਵੀ ਸ਼ੁਰੂਆਤ ਸਿੱਧ ਹੋਵੇਗੀ।
ਇਹ ਸ਼ਬਦ ਸੰਗਤ ਕੈਂਚੀਆਂ ਵਿਖੇ ਗੁਰਮਤਿ ਸੇਵਾ ਲਹਿਰ ਦੇ ਸਾਲਾਨਾ ਗੁਰਮਤਿ ਸਮਾਗਮ ਵਿਚ ਬੋਲਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸਕਾਰਤਮਿਕ ਪਹੁੰਚ ਅਪਨਾਉਣ ਲਈ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਖ਼ਾਸ ਕਰ ਕੇ ਪਾਕਿਸਤਾਨ ਦੀ ਸਰਕਾਰ ਅਤੇ ਇਸ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ ਇਸ ਲਈ ਉਨ੍ਹਾਂ ਦਾ ਤਹਿ ਦਿਲੋਂ ਧਨਵਾਦ ਹੈ ਜਿਨ੍ਹਾਂ ਨੇ ਕਰਤਾਰਪੁਰ ਲਾਂਘਾ ਦੇਣ ਲਈ ਪਹਿਲ ਕੀਤੀ ਅਤੇ ਉਦਘਾਟਨੀ ਸਮਾਰੋਹ ਨੂੰ ਸਿਆਸਤ ਤੋਂ ਮੁਕਤ ਰੱਖ ਕੇ ਆਪਸੀ ਪਿਆਰ, ਸਦਭਾਵਨਾ ਅਤੇ ਰੂਹਾਨੀਅਤ ਦਾ ਸੰਦੇਸ਼ ਦਿਤਾ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਇਕ ਅਕਾਲੀ ਦਲ ਬਣਾਉਣ ਦੀ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਲੋਂ ਦਿਤੀ ਸਲਾਹ ਸ਼ਾਲਾਘਾਯੋਗ ਹੈ ਪਰ ਸਲਾਹ ਦੇਣ ਵਾਲੇ ਇਸ ਸਲਾਹ ਨੂੰ ਅਪਣੀਆਂ ਸੰਪਰਦਾਵਾਂ ਭੰਗ ਕਰ ਕੇ ਇਕ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਲਈ ਵੀ ਸਹਿਮਤ ਹੋਣ ਕਿਉਂਕਿ ਕੌਮ ਵਿਚ ਵੰਡੀਆਂ ਪੈਣ ਦਾ ਮੁੱਖ ਕਾਰਨ ਵੱਖ-ਵੱਖ ਸੰਪਰਦਾਵਾਂ ਵਲੋਂ ਅਪਣੇ ਡੇਰਿਆਂ ਵਿਚ ਲਾਗੂ ਕੀਤੀ ਵੱਖ-ਵੱਖ ਰਹਿਤ ਮਰਿਆਦਾ ਹੈ।