
ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਅਸਤੀਫ਼ੇ ਦੇ ਚੁੱਕੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਖ਼ਤ ਸਾਹਿਬ ਬੋਰਡ ਦੇ ਜਰਨਲ ਸਕੱਤਰ...
ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਅਸਤੀਫ਼ੇ ਦੇ ਚੁੱਕੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਖ਼ਤ ਸਾਹਿਬ ਬੋਰਡ ਦੇ ਜਰਨਲ ਸਕੱਤਰ ਮੁਹਿੰਦਰ ਸਿੰਘ ਢਿੱਲੋਂ ਨੇ ਇਕ ਪੱਤਰ ਲਿਖ ਕੇ ਕਿਹਾ ਹੈ ਕਿ 3 ਮਾਰਚ ਨੂੰ ਤੁਹਾਡੇ ਅਸਤੀਫ਼ੇ ਦੀ ਜਾਣਕਾਰੀ ਮਿਲੀ ਉਸ ਤੋਂ ਬਾਅਦ ਪਤਾ ਲਗਾ ਕਿ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਆਪ ਨੇ ਮੁੜ ਸੇਵਾ ਸੰਭਾਲ ਲਈ ਹੈ। ਆਪ ਦਾ ਅਸਤੀਫ਼ਾ ਨਾ ਪ੍ਰਵਾਨ ਕਰਨ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਫ਼ੋਨ ਕਰ ਰਹੀਆਂ ਹਨ ਤੇ ਲਾਗਲੇ ਰਾਜਾਂ ਦੀਆਂ ਸੰਗਤਾਂ ਵੀ ਬੋਰਡ ਕੋਲੋ ਮੰਗ ਕਰ ਰਹੀਆਂ ਹਨ ਕਿ ਆਪ ਦਾ ਅਸਤੀਫ਼ਾ ਨਾ ਮੰਜ਼ੂਰ ਕੀਤਾ ਜਾਵੇ। ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰਖਦਿਆਂ ਆਪ ਦਾ ਅਸਤੀਫ਼ਾ ਰੱਦ ਕੀਤਾ ਜਾਂਦਾ ਹੈ ਤੇ ਆਪ ਪਹਿਲਾਂ ਦੀ ਤਰ੍ਹਾਂ ਤਖ਼ਤ ਸਾਹਿਬ ਦੀ ਸੇਵਾ ਨਿਭਾਉਂਦੇ ਰਹੋ।
ਜ਼ਿਕਰਯੋਗ ਹੈ ਕਿ ਮੁਹਿੰਦਰ ਸਿੰਘ ਢਿੱਲੋਂ ਗਿਆਨੀ ਇਕਬਾਲ ਸਿੰਘ ਪੱਖੀ ਮੈਂਬਰ ਮੰਨੇ ਜਾਂਦੇ ਹਨ ਤੇ ਗਿਆਨੀ ਇਕਬਾਲ ਸਿੰਘ ਨੇ ਅਸਤੀਫ਼ਾ ਵੀ ਜਰਨਲ ਸਕੱਤਰ ਨੂੰ ਹੀ ਭੇਜਿਆ ਸੀ। ਉਧਰ ਤਖ਼ਤ ਸਾਹਿਬ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਸ. ਢਿੱਲੋਂ ਨੂੰ ਇਹ ਅਧਿਕਾਰ ਹੀ ਨਹੀਂ ਕਿ ਉਹ ਅਪਣੇ ਆਪ ਹੀ ਅਸਤੀਫ਼ਾ ਰੱਦ ਕਰਨ। ਇਹ ਅਸਤੀਫ਼ਾ ਬੋਰਡ ਦੇ ਮੈਂਬਰਾਂ ਕੋਲ ਆਉਣਾ ਚਾਹੀਦਾ ਸੀ ਤੇ ਫਿਰ ਬੋਰਡ ਦੇ ਮੈਂਬਰ ਹੀ ਇਸ ਅਸਤੀਫ਼ੇ ਬਾਰੇ ਕੋਈ ਵਿਚਾਰ ਕਰਦੇ। ਦਸਣਯੋਗ ਹੈ ਕਿ 5 ਮਾਰਚ ਨੂੰ ਤਖ਼ਤ ਸਾਹਿਬ ਬੋਰਡ ਦੇ ਮੈਂਬਰ ਤਖ਼ਤ ਸਾਹਿਬ ਦੇ ਪ੍ਰਬੰਧਾਂ ਤੇ ਹੋਰ ਮਸਲਿਆਂ ਨੂੰ ਲੈ ਕੇ ਮੀਟਿੰਗ ਕਰਨ ਜਾ ਰਹੇ ਹਨ। ਇਸ ਮੀਟਿੰਗ ਤੋਂ ਪਹਿਲਾਂ ਨਾਟਕੀ ਢੰਗ ਨਾਲ ਪਹਿਲਾਂ ਗਿਆਨੀ ਇਕਬਾਲ ਸਿੰਘ ਦਾ ਅਸਤੀਫ਼ਾ ਤੇ ਫਿਰ ਸੰਗਤ ਦਾ ਹੁਕਮ ਮੰਨ ਕੇ ਵਾਪਸ ਲੈਣਾ ਗਿਆਨੀ ਇਕਬਾਲ ਸਿੰਘ ਦੀ ਚਤੁਰ ਬੁੱਧੀ ਸਾਬਤ ਕਰਦਾ ਹੈ।