
ਮੈਂ ਤਾਂ ਨਾ ਪ੍ਰਧਾਨ ਅਤੇ ਨਾ ਹੀ ਮੈਂਬਰ ਬਣਾਂਗਾ-ਬਾਗੀ
ਗੁਰਦਾਸਪੁਰ/ਦੋਰਾਂਗਲਾ (ਹਰਜੀਤ ਸਿੰਘ ਆਲਮ, ਜੋਗਾ ਸਿੰਘ ਗਾਹਲੜੀ) ਦੋਰਾਂਗਲਾ ਦੇ ਸਰਹੱਦੀ ਖੇਤਰ ਦੇ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਨੂੰ ਲੈ ਕੇ ਕਈ ਦਿਨਾਂ ਤੋਂ ਚਲਦਾ ਆ ਰਿਹਾ ਵਾਦ ਵਿਵਾਦ ਅੱਜ ਸਾਰੀਆਂ ਧਿਰਾਂ ਦੀ ਇੱਕ ਸਾਂਝੀ ਮੀਟਿੰਗ ਦੌਰਾਨ ਆਪਸੀ ਸੁਲਾਹ ਸਫਾਈ ਨਾਲ ਸੁਲਝਾ ਲਿਆ ਗਿਆ। ਸਾਰੇ ਬਲਾਰਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਠੀਕ ਠਾਕ ਢੰਗ ਨਾਲ ਚਲਾਉਣ ਲਈ ਆਪਸੀ ਸਹਿਮਤੀ ਨਾਲ ਗੁਰਦੁਆਰਾ ਸਾਹਿਬ ਦੇ ਸਾਰੇ ਪ੍ਰਬੰਧਾਂ ਦੇ ਦੇਖ ਰੇਖ ਹੇਠ ਇਕੱਤੀ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ ਗਈ। ਅੱਜ ਗੁਰਦੁਆਰਾ ਸਾਹਿਬ ਵਿਖੇ ਰੱਖੀ ਗਈ ਮੀਟਿੰਗ ਨੂੰ ਸੱਭ ਤੋਂ ਪਹਿਲਾਂ ਇਲਾਕੇ ਦੇ ਸਿਰ ਕੱਢ ੍ਰਧਾਰਮਿਕ ਆਗੂ ਅਤੇ ਸੈਰ ਸਪਾਟਾ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਰ ਸਰਦਾਰ ਇੰਦਰਜੀਤ ਸਿੰਘ ਬਾਗੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਰਫ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਇਲਾਕੇ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਠੀਕ ਹੱਥਾਂ ਵਿਚ ਰਹਿਣ। ਸ. ਬਾਗੀ ਨੇ ਇਹ ਗੱਲ ਬੜੇ ਜ਼ੋਰ ਦੇ ਕੇ ਆਖੀ ਕਿ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕਿ ਉਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਨਣ ਦੀ ਗੱਲ ਇੱਕ ਪਾਸੇ ਰਹੀ ਸਗੋਂ ਉਹ ਤਾਂ ਕਮੇਟੀ ਵਿਚ ਬਤੋਰ ਮੈਂਬਰ ਵੀ ਨਹੀਂ ਹੋਣਗੇ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਲੜਕੀਆਂ ਦੇ ਕਾਲਜ ਦੇ ਵੀ ਪ੍ਰਧਾਨ ਜਾਂ ਮੈਂਬਰ ਨਹੀਂ ਬਣਨਗੇ।ਇਸਦੇ ਬਾਅਦ ਸਟੇਜ਼ ਦੇ ਫਰਜ਼ ਸ. ਦਲਬੀਰ ਸਿੰਘ ਸੁਲਤਾਨੀ ਨੇ ਨਿਭਾਏ। ਇਸ ਮੌਕੇ ਸੰਬਧਨ ਕਰਨ ਵਾਲਿਆਂ ਵਿਚ ਸ. ਬਾਗੀ ਤੋਂ ਇਲਾਵਾ ਸਰਵਸ੍ਰੀ ਕਰਤਾਰ ਸਿੰਘ ਸੱਦਾ , ਰਣਜੀਤ ਸਿੰਘ ਜੀਵਨ ਚੱਕ, ਨਰਿੰਦਰ ਸਿੰਘ ਬਾੜਾ, ਤਰਲੋਕ ਸਿੰਘ ਡੁੱਗਰੀ, ਪਰਮਵੀਰ ਸਿੰਘ ਲਾਡੀ, ਵੱਸਣ ਸਿੰਘ ਸੇਖਾ, ਸੁਲੱਖਣ ਸਿੰਘ ਬਹਿਰਾਮਪੁਰ, ਗੁਰਦੀਪ ਸਿੰਘ ਜੋਗਰ, ਲਖਵਿੰਦਰ ਸਿੰਘ ਆਧੀ, ਬੂੜ ਸਿੰਘ ਆਲੀਨੰਗਲ, ਸਤਨਾਮ ਸਿੰਘ ਸੰਤਨਗਰ, ਸੁੱਚਾ ਸਿੰਘ, ਮਲਕੀਤ ਸਿੰਘ, ਸੁਲੱਖਣ ਸਿੰਘ ਸੇਖਾ, ਪ੍ਰੇਮ ਸਿੰਘ ਭਾਗੋਕਾਵਾਂ, ਹਰਦਿਆਲ ਸਿੰਘ, ਨਰਿੰਦਰਪਾਲ ਸਿੰਘ, ਕਰਨੈਲ ਸਿੰਘ, ਕਰਨੈਲ ਸਿੰਘ, ਸੁਰਿੰਦਰ ਸਿੰਘ ਬੇਦੀ, ਗੁਰਭਿੰਦਰ ਸਿੰਘ, ਸਰੂਪ ਸਿੰਘ ਸ਼ਹੂਰ,ਬੂਆ ਸਿੰਘ ਬਾਲਾਪਿੰਡੀਅਤੇ ਸ਼ਾਮਿਲ ਸਨ।
Issue of Gurdwara Tahli Sahib
ਬਲਾਰਿਆਂ ਨੇ ਆਪੋ ਆਪਣੇ ਸੁਝਾਅ ਦਿੰਦਿਆਂ ਕਿਹਾ ਕਿ ਸੁੱਚਾ ਸਿੰਘ ਲੰਗਾਹ ਜਿਸਨੂੰ ਸ੍ਰੀ ਅਕਾਲ ਤਖਤ ਵਲੋਂ ਸਿੱਖ ਪੰਥ ਵਿਚੋਂ ਛੇਕਿਆ ਹੋਇਆ ਹੈ ਉਸਦਾ ਕੋਈ ਵੀ ਹਮਾਇਤੀ ਇਸ ਕਮੇਟੀ ਵਿਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਨੇ ਅਜਿਹ ਵਿਆਕਤੀਆਂ ਦੀ ਤੁਲਨਾ ਰਾਮ ਰਹੀਏ ਅਤੇ ਧੀਰ ਮੱਲੀਆਂ ਨਾਲ ਕੀਤੀ। ਬਲਾਰਿਆਂ ਨੇ ਇਹ ਗੱਲ ਵੀ ਕਹੀ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਾਰੇ ਮੈਂਬਰ ਹਰੇਕ ਕਿਸਮ ਦੇ ਨਸ਼ਿਆਂ ਤੋਂ ਰਹਿਤ ਹੋਣ ਤੋਂ ਇਲਾਵਾ ਪੂਰਨ ਗੁਰਸਿੱਖ ਹੋਣੇ ਚਾਹੀਦੇ ਹਨ। ਇਹ ਵੀ ਸਲਾਹ ਦਿੱਤੀ ਗਈ ਕਿ ਕਿਸੇ ਵੀ ਕੀਮਤ ਵਿਚ ਕਮੇਟੀ ਕੋਲ ਵੱਧ ਤੋਂ ਵੱਧ 10-15 ਹਜ਼ਾਰ ਰੁਪਏ ਤੋਂ ਕੈਸ਼ ਹੀ ਹੋਣਾ ਚਾਹੀਦਾ ਹੈ। ਜਦੋਂ ਕਿ ਬਾਕੀ ਸਾਰੀ ਰਕਮ ਬੈਂਕਾਂ ਵਿਚ ਜਮਾਂ ਹੋਣੀ ਚਾਹੀਦੀ ਹੈ ਅਤੇ ਸਾਰੀਆਂ ਅਦਾਇਗੀਆਂ ਚੈਕਾਂ ਰਾਹੀਂ ਹੀ ਹੋਇਆ ਕਰਨਗੀਆਂ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਅਕਸਰ ਗੁਰਦੁਆਰਾ ਸਾਹਿਬ ਦੀਆਂ ਅਲਮਾਰੀਆਂ ਵਿਚ ਸੰਗਤਾਂ ਦੇ ਚੜਾਵੇ ਦੇ ਲੱਖਾਂ ਰੁਪਏ ਪਏ ਰਹਿੰਦੇ ਰਹੇ ਹਨ ਜੋ ਕਿ ਬਿਲਕੱਲ ਗਲਤ ਹੈ। ਅਜਿਹੇ ਪੈਸੇ ਦੀ ਦੁਰਵਰਤੋਂ ਹੋਣ ਦੀ ਸੰਭਵਨਾ ਬਣੀ ਰਹਿੰਦੀ ਹੈ। ਬਲਾਰਿਆਂ ਨੇ ਇਹ ਵੀ ਕਿਹਾ ਕਿ ਨਵੀਂ ਚੁਣੀ ਗਈ 31 ਮੈਂਬਰੀ ਕਮੇਟੀ ਸਾਰੇ ਫੈਸਲੇ ਆਪਸੀ ਸਹਿਮਤੀ ਅਤੇ ਸੰਗਤਾਂ ਦੀ ਪ੍ਰਵਾਨਗੀ ਨਾਲ ਹੀ ਕਰਿਆ ਕਰੇਗੀ। ਇਹ ਵੀ ਕਿਹਾ ਗਿਆ ਕਿ ਕਮੇਟੀ ਦਾ ਕੋਈ ਵੀ ਪ੍ਰਧਾਨ ਨਹੀਂ ਹੋਵੇਗਾ ਸਗੋਂ ਸਾਰੇ ਮੈਂਬਰਾਂ ਕੋਲ ਹੀ ਪ੍ਰਧਾਨ ਵਾਲੀਆਂ ਸ਼ਕਤੀਆਂ ਹੋਣਗੀਆਂ । ਇਸ ਮੋਕੇ ਸਿਰਫ ਸਟੇਜ਼ ਸਕੱਤਰ ਦੇ ਫਰਜ਼ ਨਿਭਾਉਣ ਦੀ ਜ਼ਿੰਮੇਵਾਰੀ ਸ. ਦਲਬੀਰ ਸਿੰਘ ਸੁਲਤਾਨੀ ਨੂੰ ਦਿੱਤੀ ਗਈ। ਸ.ਬਾਗੀ ਤੋਂ ਇਲਾਵਾ ਉਕਤ ਸਾਰੇ 31 ਮੈਂਬਰੀ ਕਮੇਟੀ ਦੇ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ। ਇਸ ਸਬੰਧ ਵਿਚ ਵੱਖਰੀ ਸੋਚ ਰੱਖਣ ਵਾਲੇ ਅਤੇ ਸੁੱਚਾ ਸਿੰਘ ਲੰਗਾਹ ਦੇ ਪੱਕੇ ਹਮਾਇਤੀ ਨੇ ਕਿਹਾ ਕਿ ਉਨ੍ਹਾਂ ਨੂੰ ਚੁਣੀ ਗਈ ਕਮੇਟੀ ਮੰਜੂਰ ਨਹੀਂ ਹੈ। ਸ. ਡੁੱਗਰੀ ਨੇ ਕਿਹਾ ਕਿ ਕਮੇਟੀ ਵਿਚ ਗਾਹਲੜੀ ਅਤੇ ਨੌਸ਼ਹਿਰਾ ਦੇ ਹੀ ਮੈਂਬਰ ਹੋਣੇ ਚਾਹੀਦੇ । ਇਹ ਵੀ ਕਿਹਾ ਕਿ ਸੰਗਤ ਦੀ ਮੋਜਦਗੀ ਵਿਚ ਚੁਣੀ ਜਾਣ ਵਾਲੀ ਕਮੇਟੀ ਹੀ ਉਨਾਂ ਦੀ ਧਿਰ ਨੂੰ ਮੰਜੂਰ ਹੋਵੇਗੀ।ਇਸ ਮੋਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ, ਹਲਕਾ ਡੀਐਸਪੀ ਅਤੇ ਦੋਰਾਂਗਲਾਂ ਥਾਣੇ ਦੀ ਮਹਿਲਾ ਮੁੱਖੀ ਵੀ ਹਾਜ਼ਰ ਸਨ।