
ਵੀਡੀਓ ਤੋਂ ਬਾਅਦ ਸਿੱਖਾਂ ਵਿਚ ਪਾਇਆ ਗਿਆ ਸੀ ਭਾਰੀ ਰੋਸ
ਨਵੀਂ ਦਿੱਲੀ- ਸਿੱਖਾਂ ਦੇ ਭਾਰੀ ਰੋਸ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਸ ਵਿਵਾਦਤ ਵੀਡੀਓ ਨੂੰ ਹਟਾ ਦਿਤਾ ਗਿਆ ਹੈ। ਜਿਸ ਵਿਚ 'ਮੂਲ ਮੰਤਰ ਦੇ ਪਾਠ' 'ਤੇ ਇਕ ਲੜਕੀ ਵਲੋਂ ਕੱਥਕ ਡਾਂਸ ਕੀਤਾ ਜਾ ਰਿਹਾ ਸੀ। ਦਰਅਸਲ ਇਸ ਵੀਡੀਓ ਦੇ ਅਪਲੋਡ ਹੋਣ ਤੋਂ ਬਾਅਦ 'ਸਪੋਕਸਮੈਨ ਟੀਵੀ' ਨੇ ਇਸ ਵੀਡੀਓ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਸੀ।
Akal Takht
ਜਿਸ ਤੋਂ ਬਾਅਦ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਮਬੰਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰਨਾਂ ਸਿੱਖ ਜਥੇਬੰਦੀਆਂ ਦੇ ਧਿਆਨ ਵਿਚ ਆਇਆ ਅਤੇ ਇਸ ਦੀ ਜਮ ਕੇ ਆਲੋਚਨਾ ਕੀਤੀ ਸੀ। ਸਿੱਖਾਂ ਦੇ ਭਾਰੀ ਵਿਰੋਧ ਤੋਂ ਬਾਅਦ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਅਸ਼ੋਕ ਮਲਿਕ ਨੇ ਇਸ ਵੀਡੀਓ ਨੂੰ ਟਵਿੱਟਰ ਅਤੇ ਫੇਸਬੁੱਕ ਤੋਂ ਹਟਾ ਦਿਤਾ, ਇਸ ਤੋਂ ਬਾਅਦ ਉਨ੍ਹਾਂ ਟਵੀਟ ਕੀਤਾ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਰਾਸ਼ਟਰਪਤੀ ਕੋਵਿੰਦ ਨੂੰ ਚਿੱਲੀ ਦੀ ਰਾਜ ਯਾਤਰਾ ਦੌਰਾਨ ਸੈਂਟਿਆਗੋ ਵਿਚ ਇਕ ਭਾਰਤੀ ਸਮੁਦਾਇ ਦੇ ਪ੍ਰੋਗਰਾਮ ਵਿਚਲਾ ਵੀਡੀਓ ਹਟਾ ਦਿਤਾ ਗਿਆ ਹੈ।
Ashok Malik Tweet
ਜ਼ਿਕਰਯੋਗ ਹੈ ਕਿ ਇਸ ਵੀਡੀਓ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਇਸ ਵੀਡੀਓ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।
Jathedar Giani Harpreet Singh
ਇਹ ਵੀਡੀਓ ਚਿੱਲੀ ਦੇ ਸੈਂਟਿਆਗੋ ਵਿਚ ਰਾਸ਼ਟਰਪਤੀ ਦੇ ਸਨਮਾਨ ਵਿਚ ਕਰਵਾਏ ਗਏ ਇਕ ਸਮਰੋਹ ਦਾ ਸੀ। ਜਿਸ ਨੂੰ ਰਾਸ਼ਟਰਪਤੀ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ 31 ਮਾਰਚ ਨੂੰ ਸ਼ਾਮੀਂ 7:29 ਵਜੇ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਕੈਪਸ਼ਨ ਵਿਚ ''ਇਕ ਓਂਕਾਰ ਸਤਨਾਮ 'ਤੇ ਇਕ ਭਾਵਪੂਰਨ ਅਭਿਨੈ' ਲਿਖਿਆ ਗਿਆ ਸੀ। ਸਿੱਖਾਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਹੁਣ ਇਸ ਵੀਡੀਓ ਨੂੰ ਹਟਾ ਦਿਤਾ ਗਿਆ ਹੈ।