
ਸ੍ਰੀ ਦਰਬਾਰ ਸਾਹਿਬ ਦੇ ਢਿੱਲੇ ਪ੍ਰਬੰਧਾਂ ਦੀ ਇਕ ਵਾਰ ਫਿਰ ਖੁੱਲ੍ਹੀ ਪੋਲ ; ਮਹਿਜ਼ 10 ਦਿਨ ਵਿਚ ਵਾਪਰੀ ਤੀਜੀ ਘਟਨਾ
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੇ ਢਿੱਲੇ ਪ੍ਰਬੰਧਾਂ ਦੀਆਂ ਖ਼ਬਰਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਹੁਣ ਤਿੰਨ ਕੁੜੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਇਕ ਗੀਤ 'ਤੇ ਵੀਡੀਉ ਬਣਾ ਕੇ ਤਰਥਲੀ ਮਚਾ ਦਿਤੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਵੀਡੀਉ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦਾ ਪ੍ਰਬੰਧ ਦੇਖਣ ਲਈ ਬਣਾਏ ਦਫ਼ਤਰ ਕਮਰਾ ਨੰਬਰ 56 ਦੇ ਐਨ ਸਾਹਮਣੇ ਬਣਾਈ ਗਈ ਹੈ ਜਿਥੇ ਪ੍ਰਕਰਮਾ ਇੰਚਾਰਜ, ਮੈਨੇਜਰ ਪ੍ਰਕਰਮਾ ਆਦਿ ਬੈਠੇ ਹੁੰਦੇ ਹਨ।
Viral Video-2
ਘੰਟਾ ਘਰ ਬਾਹੀ ਤੋਂ ਹੇਠਾਂ ਉਤਰਦੇ ਹੀ ਬਣੀ ਇਸ ਵੀਡੀਉ ਵਿਚ ਤਿੰਨ ਲੜਕੀਆਂ ਪੰਜਾਬੀ ਗੀਤ 'ਜਦੋਂ ਨਿਕਲੀ ਪਟੌਲਾ ਬਣ ਕੇ ਮਿੱਤਰਾਂ ਦੀ ਜਾਣ ਤੇ ਬਣੇ' ਤੇ ਪ੍ਰਕਰਮਾ ਵਿਚ ਹੀ ਕੈਟਵਾਕ ਕਰਦੀਆਂ ਨਜ਼ਰ ਆਉਂਦੀਆਂ ਹਨ। ਦਸਣਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਪੂਰੀ ਪ੍ਰਕਰਮਾ ਵਿਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੇ ਇਨ੍ਹਾਂ ਕੈਮਰਿਆਂ 'ਤੇ ਨਜ਼ਰ ਰਖਣ ਲਈ ਇਕ ਕਮਰਾ ਜਿਸ ਵਿਚ ਸਟਾਫ਼ ਮੌਜੂਦ ਰਹਿੰਦਾ ਹੈ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸੀਸੀਟੀਵੀ ਰਾਹੀਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੀ ਪ੍ਰਕਰਮਾ ਅਤੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਦਫ਼ਤਰਾਂ 'ਤੇ ਤਾਂ ਨਜ਼ਰ ਰਖਦੇ ਹਨ ਪਰ ਇਸ ਵੀਡੀਉ 'ਤੇ ਮੈਨੇਜਰ ਦੀ ਨਜ਼ਰ ਨਹੀਂ ਪਈ ਲੱਗਦੀ।
Viral Video-3
ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਹੈ ਕਿ ਪ੍ਰਕਰਮਾ ਵਿਚ ਤਿੰਨ ਕੁੜੀਆਂ ਵਲੋਂ ਵੀਡੀਉ ਬਣਾਉਣ ਮਗਰੋਂ ਟਿਕ-ਟਾਕ ਦੁਆਰਾ ਗਾਣੇ ਨਾਲ ਜੋੜ ਕੇ ਸੋਸ਼ਲ ਮੀਡੀਆ 'ਤੇ ਫੈਲਾਉਣਾ ਠੀਕ ਨਹੀਂ ਹੈ ਅਤੇ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਇਥੋਂ ਦੀ ਪਾਵਨ ਮਰਿਆਦਾ ਦਾ ਖ਼ਿਆਲ ਰਖਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅੱਜਕੱਲ੍ਹ ਇੰਟਰਨੈੱਟ ਦੇ ਮਾਧਿਅਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਕੁੱਝ ਲੋਕ ਪ੍ਰਕਰਮਾ ਵਿਚ ਚਲਦਿਆਂ-ਚਲਦਿਆਂ ਮਰਿਆਦਾ ਨੂੰ ਅੱਖੋਂ ਉਹਲੇ ਕਰਦਿਆਂ ਗਾਣੇ ਐਡਿਟ ਕਰ ਕੇ ਵਿਵਾਦਤ ਵੀਡੀਉ ਸੋਸ਼ਲ ਮੀਡੀਆ 'ਤੇ ਫੈਲਾਅ ਦਿੰਦੇ ਹਨ ਜਿਸ ਨਾਲ ਸੰਗਤ ਦੀ ਧਾਰਮਕ ਭਾਵਨਾ ਨੂੰ ਠੇਸ ਪੁੱਜਦੀ ਹੈ।
Viral Video-4
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਅਪਣੇ ਸਾਈਬਰ ਕਰਾਈਮ ਵਿਭਾਗ ਰਾਹੀਂ ਅਜਿਹਾ ਕਰਨ ਵਾਲੇ ਲੋਕਾਂ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਵਾਲੇ ਲੋਕਾਂ ਵਿਰੁਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸ. ਦੀਨਪੁਰ ਨੇ ਇਹ ਅਪੀਲ ਵੀ ਕੀਤੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹੱਤਤਾ ਨੂੰ ਵੇਖਦਿਆਂ ਇਥੇ ਬਣਾਈ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਵੀਡੀਉ ਨੂੰ ਅੱਗੇ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ।