ICU ਵਿਚ ਪਏ ਹੁੰਦਿਆਂ ਵੀ ਅਦਾਰੇ ਦੀ ਕਾਮਯਾਬੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦਰਸ਼ਨ ਕਰਨ ਵਾਲਿਆਂ ਅਤੇ ਬਾਬਾ ਨਾਨਕ ਦੇ ਅਸ਼ੀਰਵਾਦ ਦੀ ਕਾਮਨਾ ਕਰਦੇ ਰਹੇ
ਚੰਡੀਗੜ੍ਹ, 4 ਅਗੱਸਤ (ਜੀ.ਸੀ. ਭਾਰਦਵਾਜ) : ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਇਕ ਵਿਲੱਖਣ ਤੇ ਮਿਸਾਲੀ ਅਦਾਰਾ ਕਾਇਮ ਕਰਨ ਵਾਲਾ ਦਾਰਸ਼ਨਿਕ ਤੋਹਫ਼ਾ ਸਿੱਖ ਕੌਮ ਦੀ ਝੋਲੀ ਪਾਉਣ ਵਾਲਾ ਸ. ਜੋਗਿੰਦਰ ਸਿੰਘ ਅਪਣੇ ਸੱਚੇ-ਸੁੱਚੇ ਜੀਵਨ ਦੀਆਂ ਆਖ਼ਰੀ ਘੜੀਆਂ ਨਾਲ ਜੁਝਦੇ ਹੋਏ ਇਸ ਫ਼ਾਨੀ ਸੰਸਾਰ ਤੋਂ ਅੱਜ ਸ਼ਾਮ ਕੂਚ ਕਰ ਗਏ।
ਇਹ 83 ਸਾਲਾ ਸਰਦਾਰ, ਸਿਦਕ, ਸਿਰੜ, ਮਿਹਨਤ ਅਤੇ ਬੇ-ਬਾਕੀ ਦੀ ਮਿਸਾਲ ਕਾਇਮ ਕਰਦੇ ਹੋਏ ਜਿਗਰ ’ਚ ਪਥਰੀ ਕੱਢਣ ਦੇ ਕਾਮਯਾਬ ਆਪ੍ਰੇਸ਼ਨ ਤਹਿਤ ਫ਼ੋਟਿਸ ਹਸਪਤਾਲ ਮੋਹਾਲੀ ਦੇ ਚੋਟੀ ਦੇ ਡਾਕਟਰਾਂ ਦੀ ਦੇਖ-ਰੇਖ ਵਿਚ ਪਿਛਲੇ 15 ਦਿਨਾਂ ਤੋਂ ਆਈ.ਸੀ.ਯੂ. ਵਿਚ ਪਏ ਹੁੰਦਿਆਂ ਵੀ ਰੋਜ਼ਾਨ ਸਪੋਕਸਮੈਨ ਅਖ਼ਬਾਰ ਤੇ ‘ਉੱਚਾ ਦਰ ਬਾਬੇ ਨਾਨਕ ਦਾ’ ਸਬੰਧੀ ਬੇਹੋਸ਼ੀ ਵਿਚ ਵੀ ਇਸ ਅਦਾਰੇ ਦੀ ਕਾਮਯਾਬੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਨ ਕਰਨ ਵਾਲਿਆਂ ਅਤੇ ਬਾਬਾ ਨਾਨਕ ਦੇ ਅਸ਼ੀਰਵਾਦ ਦੀ ਕਾਮਨਾ ਕਰਦੇ ਹੋਏ ਅਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰ ਗਏ।
ਯਮੁਨਾ ਨਗਰ ਹਰਿਆਣਾ ਤੋਂ 1971-72 ਵਿਚ ਪ੍ਰਵਾਰ ਦੇ ਕਰੋੜਾਂ ਦਾ ਵੱਡਾ ਕਾਰੋਬਾਰ ਛੱਡ ਕੇ ਆਏ ਸ. ਜੋਗਿੰਦਰ ਸਿੰਘ ਨੇ ਵਕਾਲਤ ਦੀ ਡਿਗਰੀ ਬੀ.ਏ.ਐਲ.ਐਲ.ਬੀ. ਪਹਿਲੇ ਦਰਜੇ ਵਿਚ ਪਾਸ ਕਰ ਕੇ ਅਤੇ ਕਈ ਉੱਘੇ ਵਕੀਲਾਂ ਨਾਲ ਹਾਈ ਕੋਰਟ ਵਿਚ ਕੰਮ ਕਰਨ ਨੂੰ ਠੋਕਰ ਮਾਰਦੇ ਹੋਏ ‘ਪੰਜ ਪਾਣੀ’ ਰਸਾਲਾ ਸ਼ੁਰੂ ਕਰ ਕੇ ਪੱਤਰਕਾਰੀ ਵਿਚ ਪੈਰ ਧਰਿਆ।
ਸਿੱਖੀ ਇਤਿਹਾਸ ਤੇ ਵਿਸ਼ੇਸ਼ ਕਰ ਕੇ ਸਿੱਖ ਧਰਮ ਬਾਰੇ ਹਿੱਦੂ, ਜੈਨੀ, ਬੋਧੀ, ਇਸਾਈ ਅਤੇ ਹੋਰ ਧਰਮਾਂ ਦਾ ਗਿਆਨ ਤੁਲਨਾਤਮਕ ਢੰਗ ਨਾਲ ‘ਉੱਚਾ ਦਰ ਬਾਬੇ ਨਾਨਕ ਦਾ’ ਵਿਚ ਪੇਸ਼ ਕਰਨ ਵਿਚ ਸਾਰਾ ਦਿਮਾਗ਼, ਖੋਜੀ ਭਾਵਨਾ ਤੇ ਵਖਰੇ ਢੰਗ ਨਾਲ ਸਿੱਖੀ ਸੋਚ ਨਾਲ ਪੇਸ਼ ਕਰਨਾ ਇਕੱਲੇ ਸ. ਜੋਗਿੰਦਰ ਸਿੰਘ ਦਾ ਹੀ ਕਰੀਸ਼ਮਾ ਹੈ। ਇਸ ਵਿਲੱਖਣ ਅਤੇ ਅਜੂਬਾਨੁਮਾ ਅਜਾਇਬ ਘਰ ਨੂੰ ਦੇਖਣ, ਸਮਝਣ, ਗੰਭੀਰ ਤੇ ਭਗਤੀ ਭਾਵਨਾ ਵਾਲੇ ਮਨ ਵਿਚ ਪ੍ਰਮਾਤਮਾ ਪ੍ਰਤੀ ਸ਼ਰਧਾ ਤੇ ਧਿਆਨ ਕੇਂਦਰਤ ਕਰਨ ਲਈ ਸ਼ਾਂਤਮਈ ਇਹ ਸਥਾਨ ਹਜ਼ਾਰਾ ਸ਼ਰਧਾਲੂਆਂ ਲਈ ਨਵੇਕਲਾ ਬਣਦਾ ਜਾ ਰਿਹਾ ਹੈ। ਇਸ ਅਦਾਰੇ ਵਿਚ ਬਾਬੇ ਨਾਨਕ ਦੀ ਆਧੁਨਿਕ ਤੇ ਵਿਗਿਆਨਕ ਸਿੱਖੀ ਸੋਚ ਨੂੰ ਸਮਝਾਉਣ ਬਾਰੇ ਡਾਕੂਮੈਂਟਰੀ ਫ਼ਿਲਮਾਂ ਰਾਹੀਂ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਜੋ ਸ਼ਰਧਾਲੂਆਂ ਲਈ ਇਕ ਖਿੱਚ ਦਾ ਕੇਂਦਰ ਬਣ ਗਿਆ ਹੈ।
ਪੰਜਾਬ ਦੇ ਮਾਝਾ, ਮਾਲਵਾ ਤੇ ਦੁਆਬੇ ਸਮੇਤ ਦਿੱਲੀ, ਹਰਿਆਣਾ ਤੇ ਜੰਮੂ-ਕਸ਼ਮੀਰ ਤੋਂ ਆਏ ਸਿੱਖਾਂ ਨੇ ਇਸ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਕਾਫ਼ੀ ਸ਼ਲਾਘਾ ਕੀਤੀ। ਸ਼ੰਭੂ ਤੇ ਰਾਜਪੁਰਾ ਵਿਚਾਲੇ ਜੀ.ਟੀ. ਰੋਡ ’ਤੇ ਬਪਰੌਰ ਪਿੰਡ ਵਿਚ 16 ਸਾਲ ਪਹਿਲਾਂ ਖ਼ਰੀਦੀ 11 ਏਕੜ ਜ਼ਮੀਨ ’ਤੇ ਲਗਭਗ 100 ਕਰੋੜ ਤੋਂ ਵੱਧ ਦੇ ਖ਼ਰਚੇ ਨਾਲ ਬਣਾਏ ਇਸ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਰਸਮੀ ਉਦਘਾਟਨ ਕਰੀਬ ਤਿੰਨ ਮਹੀਨੇ ਪਹਿਲਾਂ ਸਾਦਾ ਢੰਗ ਨਾਲ ਕੀਤਾ ਗਿਆ ਸੀ। ਇਹ ਸਾਰਾ ਕਮਾਲ ਤੇ ਅਣਥੱਕ ਮਹਿਨਤ ਸੱਚੀ-ਸੁੱਚੀ ਰੋਜ਼ਾਨਾ ਸਪੋਕਸਮੈਨ ਪ੍ਰਵਾਰ ਦਾ ਹੀ ਹੈ, ਜਿਸ ਵਿਚ ਸ. ਜੋਗਿੰਦਰ ਸਿੰਘ, ਉਨ੍ਹਾਂ ਦੀ ਧਰਮ ਪਤਨੀ ਬੀਬੀ ਜਗਜੀਤ ਕੌਰ ਤੇ ਛੋਟੀ ਬੇਟੀ ਨਿਮਰਤ ਕੌਰ ਦਾ ਹੀ ਯੋਗਦਾਨ ਹੈ, ਜਿਨ੍ਹਾਂ ਨੇ ਖ਼ੂਨ-ਪਸੀਨਾ ਇਕ ਕਰ ਕੇ ਇਸ ਨੂੰ ਸਿਰੇ ਚੜ੍ਹਾਇਆ।
ਪਿਛਲੇ 55 ਕੁ ਸਾਲਾਂ ਤੋਂ ਇਸ ਸਿਰੜੀ, ਅਪਣੀ ਧੁਨ ਦੇ ਪੱਕੇ, ਗੁੱਸੇਖ਼ੋਰ ਤੇ ਕੱਬੇ ਪਰ ਨੇਕ ਇਮਾਨਦਾਰ ਮਹਾਨ ਸ਼ਖ਼ਸ ਨਾਲ ਦੁੱਖ-ਸੁੱਖ ਵਿਚ ਜੁੜੇ ਹੋਣ ਕਰ ਕੇ, ਇਕ ਦੋ ਵਾਰ ‘ਉੱਚਾ ਦਰ ਬਾਬੇ ਨਾਨਕ ਦਾ’ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੇ ਨਿਸ਼ਾਨ ਸਾਹਿਬ ਸਥਾਪਤ ਕਰਨ ਦੀ ਸਲਾਹ ਦਿਤੀ ਜਾਂਦੀ ਸੀ ਤਾਂ ਦੋ-ਟੁਕ ਜਵਾਬ ਇਹੋ ਮਿਲਦਾ ਸੀ, ‘‘ਪੈਸਾ ਕਮਾਉਣ ਦੀ ਫੋਕੀ ਤੇ ਗੰਦੀ ਵਰਤੋਂ ਮੈਂ ਨਹੀਂ ਜੇ ਕਰਨੀ।’’ ਉਹ ਇਹ ਵੀ ਕਿਹਾ ਕਰਦੇ ਸਨ ਕਿ ‘‘ਪੁਜਾਰੀਆਂ ਤੇ ਗੋਲਕ ਵਾਲਿਆਂ ਦੇ ਮੈਂ ਸਖ਼ਤ ਖ਼ਿਲਾਫ਼ ਹਾਂ।’’
ਇਹ ਤਾਂ ਸਾਰੇ ਸਿਆਸਤਦਾਨਾਂ, ਲੀਡਰਾਂ, ਲਿਖਾਰੀਆਂ, ਦੋਸਤਾਂ-ਮਿੱਤਰਾਂ, ਮੀਡੀਆ ਦੇ ਮੁਖੀਆਂ ਤੇ ਜਰਨਲਿਸਟਾਂ ਨੂੰ ਤਾਂ ਪਤਾ ਹੀ ਸੀ ਕਿ ਸ. ਜੋਗਿੰਦਰ ਸਿੰਘ ਅਪਣੇ ਪਰਪੱਕ ਨਿਸ਼ਚੇ ਤੇ ਪਵਿੱਤਰ ਸੋਚ ਬਾਰੇ ਅਡਿੱਗ ਤੇ ਅੜੀਅਲ ਸਨ, ਜਿਸ ਕਰ ਕੇ ਉਨ੍ਹਾਂ ਕਈ ਤਰ੍ਹਾਂ ਦੀਆਂ ਅੜਚਨਾ, ਅਦਾਲਤੀ ਕੇਸਾਂ, ਪੈਸੇ-ਧੇਲੇ ਦੀ ਸੰਕਟਮਈ ਹਾਲਤ ਤੇ ਅਕਾਲ ਤਖ਼ਤ ਵਲੋਂ ਛੇਕੂ ਹੁਕਮਨਾਮਿਆਂ ਦੇ ਬਾਵਜੂਦ, ਬੀਬੀ ਜਗਜੀਤ ਕੌਰ ਦੀ ਅਣਥੱਕ ਮਿਹਨਤ ਦੇ ਸਹਿਯੋਗ ਨਾਲ ਅਪਣੇ ਤੈਅਸ਼ੁਦਾ ਟੀਚੇ ਨੂੰ ਸੰਘਰਸ਼ਮਈ ਜੀਵਨ ਦੇ ਆਖ਼ਰੀ ਦਿਨਾਂ ਵਿਚ ਪੂਰਾ ਕਰ ਦਿਖਾਇਆ।
ਰੋਜ਼ਾਨ ਸਪੋਕਸਮੈਨ ਅਦਾਰੇ ਦੇ ਸਮੁੱਚੇ ਪ੍ਰਵਾਰ ਵਲੋਂ ਅਤੇ ਪਿਛਲੇ 20 ਸਾਲਾਂ ਤੋਂ ਇਸ ਅਦਾਰੇ ਵਾਸਤੇ ਕੰਮ ਕਰਦੇ ਆ ਰਹੇ ਸਮੁੱਚੇ ਸਟਾਫ਼ ਵਲੋਂ ਸ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਸ਼ਰਧਾਂਜਲੀਆਂ ਦੇ ਸੁਨੇਹੇ ਲਗਾਤਾਰ ਆਉਣੇ ਜਾਰੀ ਹਨ।