
ਹਰਮੀਤ ਸਿੰਘ ਕਾਲਕਾ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਕਾਰਡੀਓ ਯੂਨਿਟ ਦੇ ਸੰਚਾਲਨ ਲਈ ਲੋੜੀਂਦੇ ਉਪਕਰਣ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਿਕ੍ਰਿਸ਼ਨ ਇਲਾਜ ਕੇਂਦਰ ਵਿਚ ਨਵੰਬਰ ਮਹੀਨੇ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਗਰੀਬ ਮਰੀਜ਼ਾਂ ਲਈ ਕਾਰਡੀਓ ਯੂਨਿਟ ਚਲਾਉਣ ਦਾ ਫੈਸਲਾ ਕੀਤਾ ਹੈ। ਡੀਐਸਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਕਾਰਡੀਓ ਯੂਨਿਟ ਦੇ ਸੰਚਾਲਨ ਲਈ ਲੋੜੀਂਦੇ ਉਪਕਰਣ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਉਹਨਾਂ ਦੱਸਿਆ ਕਿ ਇਸ ਕਾਰਡੀਓ ਯੂਨਿਟ ਵਿਚ ਦਿੱਲੀ ਦੇ ਨਾਮਵਰ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦੇ ਕਾਰਡੀਓਲੋਜਿਸਟ ਆਪਣੀਆਂ ਸੇਵਾਵਾਂ ਮੁਫਤ ਪ੍ਰਦਾਨ ਕਰਨਗੇ ਅਤੇ ਇਸ ਇਲਾਜ ਕੇਂਦਰ ਵਿਚ ਮਰੀਜ਼ਾਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ ਜਦਕਿ ਸਾਰੇ ਡਾਇਗਨੌਸਟਿਕ ਟੈਸਟ ਸਭ ਤੋਂ ਸਸਤੀਆਂ ਦਰਾਂ ’ਤੇ ਕੀਤੇ ਜਾਣਗੇ।
ਕਾਲਕਾ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਡੀਐੱਸਜੀਐੱਮਸੀ ਵੱਲੋਂ ਇਸ ਇਲਾਜ ਕੇਂਦਰ 'ਤੇ ਪੂਰੇ ਦੇਸ਼ 'ਚ ਸਸਤੇ ਰੇਟਾਂ 'ਤੇ ਵੱਖ-ਵੱਖ ਟੈਸਟ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਵਿਚ ਕੁੱਲ 8 ਕਰੋੜ ਰੁਪਏ ਦੀ ਲਾਗਤ ਨਾਲ ਡਾਇਲਸਿਸ, ਅਲਟਰਾਸਾਊਂਡ, ਐਕਸਰੇ ਅਤੇ ਐਮਆਰਆਈ ਅਤੇ ਸੀਟੀ ਸਕੈਨ ਮਸ਼ੀਨਾਂ ਲਗਾਈਆਂ ਗਈਆਂ ਹਨ, ਅਤੇ ਪਿਛਲੇ ਦੋ ਸਾਲਾਂ ਵਿਚ 25,000 ਮਰੀਜ਼ਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਡੀਐਸਜੀਐਮਸੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਇਲਾਜ ਕੇਂਦਰ ਵਿਚ ਮੁੱਖ ਤੌਰ ’ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਮਰੀਜ਼ ਆਉਂਦੇ ਹਨ। ਉਹਨਾਂ ਦੱਸਿਆ ਕਿ ਇਸ ਸਮੇਂ ਇਸ ਇਲਾਜ ਕੇਂਦਰ ਵਿਚ ਰੋਜ਼ਾਨਾ 400 ਦੇ ਕਰੀਬ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਇਲਾਜ ਕੇਂਦਰ ਵਿਚ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਜਾਂਚ ਲਈ ਦੋ ਮਹੀਨੇ ਪਹਿਲਾਂ 45 ਲੱਖ ਰੁਪਏ ਦੀ ਲਾਗਤ ਵਾਲੀ ਅਤਿ-ਆਧੁਨਿਕ ਮਸ਼ੀਨ ਲਗਾਈ ਗਈ ਹੈ ਅਤੇ ਸਿਰਫ਼ 800 ਰੁਪਏ ਵਿਚ ਇਹ ਸਹੂਲਤ ਦਿੱਤੀ ਜਾ ਰਹੀ ਹੈ।