
ਫ਼ਾਰਗ਼ ਮੁਲਾਜ਼ਮਾਂ ਨੇ ਬਿਹਤਰ ਪੇਸ਼ਕਸ਼ ਠੁਕਰਾ ਕੇ ਅਪਣੇ ਭਵਿੱਖ ਨਾਲ ਧੋਖਾ ਕੀਤਾ: ਡਾ. ਰੂਪ ਸਿੰਘ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਫ਼ਾਰਗ਼ ਮੁਲਾਜ਼ਮਾਂ ਵਿਚਾਲੇ ਚਲਦੀ ਗੱਲਬਾਤ ਟੁੱਟ ਗਈ ਜਿਸ ਤੋ ਬਾਅਦ ਦੋਵੇ ਧਿਰਾਂ ਅਪਣੀ-ਅਪਣੀ ਕਹੀ ਗੱਲ 'ਤੇ ਅੜ ਗਈਆਂ। ਕਮੇਟੀ ਵਲੋਂ ਫ਼ਾਰਗ਼ ਮੁਲਾਜ਼ਮਾਂ ਨੂੰ ਧਰਨਾ ਉਠਾਉਣ ਦੇ ਬਦਲੇ ਬਹਾਲ ਕਰਨ ਦੀ ਅਪੀਲ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਫ਼ਾਰਗ਼ ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਪੇਸ਼ਕਸ਼ ਕੀਤੀ ਗਈ ਹੈ ਜਦਕਿ ਸਬੰਧਤ ਮੁਲਾਜ਼ਮ ਬਿਨਾਂ ਕਾਰਨ ਅੜੇ ਹੋਏ ਹਨ।
Pic-3
ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਸ. ਗੁਰਮੀਤ ਸਿੰਘ ਬੂਹ, ਸ. ਹਰਪਾਲ ਸਿੰਘ ਜੱਲਾ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਮਹਿੰਦਰ ਸਿੰਘ ਆਹਲੀ ਤੇ ਨਿਜੀ ਸਕੱਤਰ ਇੰਜ: ਸੁਖਮਿੰਦਰ ਸਿੰਘ ਨੇ ਇਸ ਮਾਮਲੇ ਦੇ ਹੱਲ ਲਈ ਯਤਨ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਵਿਚਾਰ-ਵਟਾਂਦਰੇ ਮਗਰੋਂ ਇਨ੍ਹਾਂ ਮੁਲਾਜ਼ਮਾਂ ਨੂੰ ਅੱਜ ਹੀ ਧਰਨਾ ਉਠਾਉਣ ਦੀ ਸ਼ਰਤ 'ਤੇ ਮੰਗਲਵਾਰ ਤਕ ਅਪਣੇ ਕੇਸ ਵਾਪਸ ਲੈ ਕੇ ਆਉਣ ਦੀ ਪੇਸ਼ਕਸ਼ ਕੀਤੀ ਗਈ ਹੈ।
SGPC
ਉਨ੍ਹਾਂ ਕਿਹਾ ਕਿ ਫ਼ਾਰਗ਼ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇ ਉਹ ਅੱਜ ਧਰਨਾ ਉਠਾ ਕੇ ਮੰਗਲਵਾਰ ਤਕ ਕੇਸ ਵਾਪਸ ਲੈ ਲੈਂਦੇ ਹਨ ਤਾਂ ਸ਼੍ਰੋਮਣੀ ਕਮੇਟੀ ਵਲੋਂ ਦਿਹਾੜੀਦਾਰ ਮੁਲਾਜ਼ਮਾਂ ਨੂੰ ਪਹਿਲਾਂ ਮਿਲਦੀ ਦਿਹਾੜੀ, ਕੰਟਰੈਕਟ ਮੁਲਾਜ਼ਮਾਂ ਇਕ ਸਾਲ ਦੇ ਕੰਟਰੈਕਟ 'ਤੇ ਪਹਿਲਾਂ ਮਿਲਦੀ ਤਨਖ਼ਾਹ ਅਤੇ ਬਿਲਮੁਕਤਾ ਮੁਲਾਜ਼ਮਾਂ ਦੀ ਪਿਛਲੀ ਛੁੱਟੀ ਬਿਨਾਂ ਤਨਖ਼ਾਹ ਪ੍ਰਵਾਨ ਕਰਦਿਆਂ ਹਾਜ਼ਰ ਕਰ ਲਿਆ ਜਾਵੇਗਾ ਪਰ ਮੁਲਾਜ਼ਮ ਅੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਬਿਹਤਰ ਰਾਹ ਨੂੰ ਅਪਣਾਅ ਕੇ ਸਬੰਧਤ ਫ਼ਾਰਗ਼ ਮੁਲਾਜ਼ਮਾਂ ਨੂੰ ਅਪਣਾ ਧਰਨਾ ਛੱਡ ਦੇਣਾ ਚਾਹੀਦਾ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਉਹ ਫ਼ੈਸਲੇ ਤੋਂ ਭੱਜ ਗਏ ਹਨ।
SGPC
ਉਨ੍ਹਾਂ ਕਿਹਾ ਕਿ ਇਸ ਨਾਲ ਫ਼ਾਰਗ਼ ਮੁਲਾਜ਼ਮਾਂ ਨੇ ਅਪਣੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪੇਸ਼ਕਸ਼ ਠੁਕਰਾ ਕੇ ਇਨ੍ਹਾਂ ਨੇ ਗੱਲਬਾਤ ਦੇ ਰਸਤੇ ਆਪ ਹੀ ਬੰਦ ਕੀਤੇ ਹਨ। ਹੁਣ ਇਹ ਸਿਰਫ਼ ਕਾਨੂੰਨੀ ਪ੍ਰਕਿਰਿਆ ਰਾਹੀਂ ਹੀ ਅਪਣਾ ਪੱਖ ਰੱਖ ਸਕਦੇ ਹਨ ਅਤੇ ਇਸ ਸਬੰਧੀ ਅਦਾਲਤ ਜੋ ਵੀ ਫ਼ੈਸਲਾ ਦੇਵੇਗੀ, ਸੰਸਥਾ ਉਸ 'ਤੇ ਅਮਲ ਕਰੇਗੀ। ਉਧਰ ਫ਼ਾਰਗ ਮੁਲਾਜ਼ਮਾਂ ਨੇ ਕਿਹਾ ਕਿ ਜਦ ਤਕ ਉਨ੍ਹਾਂ ਨੂੰ ਲਿਖਤੀ ਭਰੋਸਾ ਨਹੀਂ ਦਿਤਾ ਜਾਂਦਾ, ਉਹ ਧਰਨਾ ਖ਼ਤਮ ਨਹੀਂ ਕਰਨਗੇ।