
ਕਿਹਾ - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਖ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਗ੍ਰਿਫ਼ਤਾਰ ਕਰ ਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇ
ਅੰਮ੍ਰਿਤਸਰ : ਭਾਈ ਜਗਤਾਰ ਸਿੰਘ ਹਵਾਰਾ ਦੇ ਆਦੇਸ਼ਾਂ 'ਤੇ ਬਣਾਈ ਗਈ 21 ਮੈਂਬਰੀ ਕਮੇਟੀ ਦੇ ਮੁੱਖ ਬੁਲਾਰੇ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ 12 ਮਈ ਨੂੰ ਤਲਵੰਡੀ ਸਾਬੋ ਤੋਂ ਬਾਦਲ ਪਿੰਡ ਤਕ ਇਕ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਖ ਦੋਸ਼ੀ ਸੌਦਾ ਸਾਧ ਗੁਰਮੀਤ ਰਾਮ ਰਹੀਮ, ਤੱਤਕਾਲੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿਘ ਬਾਦਲ ਤੇ ਡੀ ਜੀ ਪੀ ਸੁਮੇਧ ਸੈਣੀ ਨੂੰ ਬਿਨਾਂ ਕਿਸੇ ਦੇਰੀ ਤੋਂ ਗ੍ਰਿਫ਼ਤਾਰ ਕਰ ਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇ।
Pic-1
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਕਿਹਾ ਕਿ ਮੋਟਰਸਾਈਕਲ, ਸਕੂਟਰ, ਟਰੈਕਟਰ, ਟਰਾਲੀਆਂ 'ਤੇ ਸਵਾਰ ਹੋ ਕੇ ਸਵੇਰੇ 10 ਵਜੇ ਇਹ ਕਾਫ਼ਲਾ ਤਲਵੰਡੀ ਸਾਬੋ ਤੋਂ ਚਲੇਗਾ ਤੇ ਰਸਤੇ ਵਿਚ ਕਾਲੀਆਂ ਝੰਡੀਆਂ ਫੜ ਤੇ ਬਾਦਲਾਂ ਦਾ ਡੱਟ ਕੇ ਵਿਰੋਧ ਕਰੇਗਾ। ਉਨ੍ਹਾਂ ਕਿਹਾ ਕਿ ਇਹ ਮਾਰਚ ਬਾਦਲ ਪਿੰਡ ਜਾ ਕੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਭ੍ਰਿਸ਼ਟਾਚਾਰ, ਜ਼ੁਲਮ ਤੇ ਗੁਰੂ ਘਰ ਦੀਆਂ ਗੋਲਕਾਂ ਲੁੱਟ ਕੇ ਬਾਦਲਾਂ ਦੁਆਰਾ ਉਸਾਰਿਆ ਗਿਆ ਪਾਪਾਂ ਦਾ ਕਿਲ੍ਹਾ ਉਸ ਤਰ੍ਹਾਂ ਹੀ ਢਹਿ ਢੇਰੀ ਕਰ ਦਿਤਾ ਜਾਵੇਗਾ ਜਿਸ ਤਰ੍ਹਾਂ ਪੱਛਮੀ ਬੰਗਾਲ ਵਿਚ ਕਾਮਰੇਡਾਂ ਦਾ ਲਾਲ ਕਿਲ੍ਹਾ ਢਹਿ ਢੇਰੀ ਹੋ ਗਿਆ ਤੇ ਉਨ੍ਹਾਂ ਨੂੰ ਹੁਣ ਉਥੇ ਵੀ ਕੋਈ ਟੱਕੇ ਸੇਰ ਨਹੀਂ ਪੁਛਦਾ।
Protest against Sukhbir Badal
ਉਨ੍ਹਾਂ ਇਸ ਮਾਰਚ ਵਿਚ ਪੰਥਕ ਜਥੇਬੰਦੀਆਂ, ਅਖੰਡ ਕੀਰਤਨੀ ਜੱਥਿਆਂ, ਫ਼ੈਡਰੇਸ਼ਨਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆ, ਬੁੱਧੀਜੀਵੀਆ ਆਦਿ ਨੂੰ ਅਪੀਲ ਕਰਦਿਆਂ ਕਿਹਾ ਕਿ 12 ਮਈ ਨੂੰ ਇਸ ਪੰਥਕ ਮਾਰਚ ਵਿਚ ਸ਼ਾਮਲ ਹੋ ਕੇ ਬਾਦਲਾਂ ਦਾ ਪੰਥ ਵਿਰੋਧੀ ਮੁਖੋਟਾ ਨੰਗਾ ਕੀਤਾ ਜਾਵੇ। ਇਸ ਸਮੇਂ ਉਨ੍ਹਾਂ ਨਾਲ ਮਹਾਂਵੀਰ ਸਿੰਘ ਸੁਲਤਾਨ ਵਿੰਡ, ਭਾਈ ਹਰਪਾਲ ਸਿੰਘ ਛੇ ਜੂਨ, ਭਾਈ ਰਣਜੀਤ ਸਿੰਘ ਸਿੱਖ ਯੂਥ ਫੈਡਰੇਸ਼ਨ, ਭਾਈ ਬਲਬੀਰ ਸਿੰਘ ਕਠਿਆਲੀ ਮੁੱਖ ਬੁਲਾਰਾ ਅਕਾਲ ਖ਼ਾਲਸਾ ਦਲ ਵੀ ਮੌਜੂਦ ਸਨ।