
ਮੈਨੂੰ ਕਿਸੇ ਸਾਜ਼ਸ਼ ਅਧੀਨ ਉਲਝਾਇਆ ਜਾ ਰਿਹੈ : ਵਿਜੇ ਸਿੰਘ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੈਸੇ ਲੈ ਕੇ ਨੌਕਰੀਆਂ ਦਿਵਾਉਣ ਮਾਮਲੇ 'ਤੇ ਵਧੀਕ ਸਕੱਤਰ ਵਿਜੇ ਸਿੰਘ ਬਾਦੀਆਂ ਨੂੰ ਮੁਅੱਤਲ ਕਰ ਦਿਤਾ ਹੈ। ਬਿਜੇ ਸਿੰਘ ਬਾਦੀਆਂ ਦਾ ਹੈੱਡ ਆਫ਼ਿਸ ਅੰਮ੍ਰਿਤਸਰ ਤੋਂ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਕੀਤਾ ਗਿਆ ਹੈ। ਅੱਜ ਇਹ ਹੁਕਮ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਕੀਤੇ। ਦਸਣਯੋਗ ਹੈ ਕਿ ਮਾਲਵਾ ਖੇਤਰ ਤੋਂ ਆਏ ਕੁੱਝ ਲੋਕਾਂ ਨੇ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਨਾਹਰੇਬਾਜ਼ੀ ਕਰਦਿਆਂ ਵਿਜੇ ਸਿੰਘ ਬਾਦੀਆਂ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਨਾਮ 'ਤੇ ਗੁਰਤੇਜ ਸਿੰਘ ਨਾਮਕ ਵਿਅਕਤੀ ਨੇ ਕਰੀਬ 42 ਲੱਖ ਰੁਪਏ ਦਾ ਲੈਣ ਦੇਣ ਕੀਤਾ ਹੈ।
ਗੁਰਤੇਜ ਸਿੰਘ ਪਿਛਲੇ ਕਰੀਬ 8 ਮਹੀਨਿਆ ਤੋਂ ਅਤੇ ਬਿਜੇ ਸਿੰਘ ਕਰੀਬ 3 ਮਹੀਨਿਆਂ ਤੋਂ ਲਾਰਾ ਲਗਾ ਰਿਹਾ ਸੀ। ਬੀਤੇ ਮਹੀਨੇ ਇਹ ਮਾਮਲਾ ਜਦ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿਚ ਗੂੰਜਿਆ ਸੀ ਤਾਂ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਸਾਰੇ ਮਾਮਲੇ ਦੀ ਜਾਂਚ ਲਈ ਇਕ ਸਬ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਜਰਨਲ ਸਕਤੱਰ ਗੁਰਬਚਨ ਸਿੰਘ ਕਰਮੂੰਵਾਲ, ਮੁੱਖ ਸਕੱਤਰ ਡਾਕਟਰ ਰੂਪ ਸਿੰਘ ਆਦਿ ਦੇ ਨਾਲ ਨਾਲ ਸੁਖਦੇਵ ਸਿੰਘ ਭੂਰਾ ਕੋਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਇਸ ਕਮੇਟੀ ਕੋਲ ਪੇਸ਼ ਹੋ ਕੇ ਪੀੜਤ ਵਿਅਕਤੀਆਂ ਨੇ ਦਸਿਆ ਸੀ ਕਿ ਉਨ੍ਹਾਂ ਕੋਲ ਬਿਜੇ ਸਿੰਘ ਵਲ ਜਾਰੀ ਚੈੱਕ ਵੀ ਹਨ ਤਾਂ ਕਮੇਟੀ ਨੂੰ ਅਪਣਾ ਪੱਖ ਦਿੰਦੇ ਹੋਏ ਬਿਜੇ ਸਿੰਘ ਨੇ ਕਿਹਾ ਸੀ ਕਿ ਉਸ ਨੇ ਸੰਸਥਾ ਦੇ ਵਕਾਰ ਨੂੰ ਬਚਾਉਣ ਲਈ ਇਹ ਚੈੱਕ ਜਾਰੀ ਕੀਤੇ ਸਨ। ਉਧਰ ਗੁਰਤੇਜ ਸਿੰਘ ਵੀ ਵਾਰ ਵਾਰ ਕਹਿੰਦਾ ਰਿਹਾ ਹੈ ਕਿ ਵਿਜੇ ਸਿੰਘ ਨੇ ਕਿਸੇ ਕੋਲੋਂ ਪੈਸਾ ਨਹੀਂ ਲਿਆ ਪਰ ਕਮੇਟੀ ਦੇ ਸਾਹਮਣੇ ਜਾ ਕੇ ਉਸ ਨੇ ਅਪਣਾ ਬਿਆਨ ਬਦਲ ਲਿਆ ਸੀ। ਇਸ ਕਮੇਟੀ ਦੀ ਰੀਪੋਰਟ ਆਉਣੀ ਹਾਲੇ ਬਾਕੀ ਹੈ।
ਅੱਜ ਆਪਣਾ ਪ੍ਰਤੀਕਰਮ ਦਿੰਦੇ ਹੋਏ ਵਿਜੇ ਸਿੰਘ ਬਾਦੀਆਂ ਨੇ ਕਿਹਾ ਕਿ ਉਸ ਨੂੰ ਕਿਸੇ ਸਾਜ਼ਸ਼ ਅਧੀਨ ਉਲਝਾਇਆ ਜਾ ਰਿਹਾ ਹੈ। ਕੁੱਝ ਲੋਕ ਉਸ ਦੀ ਤਰੱਕੀ ਕਾਰਨ ਬੁਖਲਾਹਟ ਵਿਚ ਆ ਕੇ ਅਜਿਹਾ ਕਰ ਰਹੇ ਹਨ। ਬਾਦੀਆਂ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦਾ ਵਧੀਕ ਸਕੱਤਰ ਹੈ, ਉਸ ਦੀ ਧਰਮ ਪਤਨੀ ਕਾਲਜ ਵਿਚ ਨੌਕਰੀ ਕਰਦੀ ਹੈ, ਉਸ ਦਾ ਬੇਟਾ ਅਸਿਸਟੈਂਟ ਪ੍ਰੋਫ਼ੈਸਰ ਹੈ। ਉਸ ਕੋਲ ਪਿੰਡ ਵਿਚ ਚੋਖੀ ਜ਼ਮੀਨ ਜਾਇਦਾਦ ਵੀ ਹੈ ਉਸ ਨੂੰ ਭ੍ਰਿਸ਼ਟਾਚਾਰ ਕਰਨ ਦੀ ਕੀ ਲੋੜ ਹੈ।