
ਸ਼ੀਲਾਂਗ ਵਿਖੇ ਸਿੱਖਾਂ 'ਤੇ ਹਮਲੇ ਦੀ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਮੇਘਾਲਿਆ ਭੇਜੇ ਗਏ ਵਫ਼ਦ ਨੇ ਦਸਿਆ ਕਿ ਅੱਜ ਬਾਅਦ ਦੁਪਹਿਰ ਫਿਰ ...
ਅੰਮ੍ਰਿਤਸਰ: ਸ਼ੀਲਾਂਗ ਵਿਖੇ ਸਿੱਖਾਂ 'ਤੇ ਹਮਲੇ ਦੀ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਮੇਘਾਲਿਆ ਭੇਜੇ ਗਏ ਵਫ਼ਦ ਨੇ ਦਸਿਆ ਕਿ ਅੱਜ ਬਾਅਦ ਦੁਪਹਿਰ ਫਿਰ ਹਾਲਾਤ ਅਣਸੁਖਾਵੇਂ ਹੋ ਗਏ ਜਿਸ ਕਾਰਨ ਸਰਕਾਰ ਨੂੰ ਕਰਫ਼ਿਊ ਲਗਾਉਣਾ ਪਿਆ। ਸ਼੍ਰੋਮਣੀ ਕਮੇਟੀ ਵਲੋਂ ਸ਼ੀਲਾਂਗ ਗਏ ਵਫ਼ਦ ਦੇ ਆਗੂ ਗਿ. ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੂੰ ਦਸਿਆ ਕਿ ਬੇਸ਼ੱਕ ਅੱਜ ਦੁਪਹਿਰ ਤਕ ਹਾਲਾਤ ਕਾਬੂ ਹੇਠ ਸਨ ਪਰ ਅਚਾਨਕ ਬਾਅਦ ਦੁਪਹਿਰ ਹਾਲਾਤ ਵਿਗੜਨ ਕਾਰਨ ਮੁੜ ਕਰਫ਼ਿਊ ਲਗਾਉਣਾ ਪਿਆ।
ਬੇਦੀ ਅਨੁਸਾਰ ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੇਘਾਲਿਆ 'ਚ ਵਸਦੇ ਸਿੱਖਾਂ ਦੀ ਸੁਰੱਖਿਆ ਲਈ ਜਿਥੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ, ਉਥੇ ਨਾਲ ਹੀ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨੂੰ ਵੀ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ। ਬੁਲਾਰੇ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੀਤੇ ਕਲ ਇਕ ਉਚ ਪਧਰੀ ਵਫ਼ਦ ਸ਼ੀਲਾਂਗ ਭੇਜਿਆ ਸੀ।
ਉਥੇ ਹੀ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ, ਮੇਘਾਲਿਆ ਦੇ ਮੁੱਖ ਮੰਤਰੀ ਤੇ ਗਵਰਨਰ, ਭਾਰਤ ਦੇ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਸ਼ੀਲਾਂਗ ਦੇ ਡਿਪਟੀ ਕਮਿਸ਼ਨਰ ਨੂੰ ਈ-ਮੇਲ ਪੱਤਰ ਵੀ ਭੇਜੇ ਸਨ ਜਿਨ੍ਹਾਂ ਵਿਚ ਸਥਾਨਕ ਸਿੱਖਾਂ ਦੀ ਸੁਰੱਖਿਆ ਲਈ ਲਿਖਿਆ ਗਿਆ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੰਗ ਕੀਤੀ ਸੀ ਕਿ ਹਾਲਾਤਾਂ 'ਤੇ ਕਾਬੂ ਪਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਅਤੇ ਇਸ ਸਬੰਧੀ ਸਰਕਾਰ ਨੂੰ ਦੇਰੀ ਨਹੀਂ ਕਰਨੀ ਚਾਹੀਦੀ।
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਅੱਜ ਜਿਥੇ ਸ਼ੀਲਾਂਗ ਦੇ ਸਿੱਖਾਂ ਨੂੰ ਮਿਲ ਕੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਤਾ, ਉਥੇ ਹੀ ਸ਼ੀਲਾਂਗ ਦੇ ਜ਼ਿਲ੍ਹਾ ਮਜਿਸਟ੍ਰੇਟ ਪੀ.ਐਸ. ਦੁਖਾਰ ਨਾਲ ਵੀ ਮਾਮਲੇ ਸਬੰਧੀ ਗੱਲਬਾਤ ਕੀਤੀ ਅਤੇ ਸਥਾਨਕ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ।