
ਸ਼ਿਲਾਂਗ 'ਚ ਸਿੱਖਾਂ 'ਤੇ ਹੋਏ ਹਮਲਿਆਂ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ .ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ...
ਨਵੀਂ ਦਿੱਲੀ, ਸ਼ਿਲਾਂਗ 'ਚ ਸਿੱਖਾਂ 'ਤੇ ਹੋਏ ਹਮਲਿਆਂ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ .ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਿਰਕੂ ਭੀੜਾਂ ਵਲੋਂ ਘੱਟਗਿਣਤੀਆਂ 'ਤੇ ਕੀਤੇ ਜਾਂਦੇ ਹਮਲਿਆਂ ਨੂੰ ਸਖਤ ਕਾਨੂੰਨ ਬਣਾ ਕੇ ਨੱਥ ਪਾਈ ਜਾਵੇ।ਸ਼ੀਲਾਂਗ ਤੋਂ ਵਾਪਸ ਪਰਤ ਕੇ ਅੱਜ ਇਥੇ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸ਼ਿਲਾਂਗ 'ਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਉਥੇ ਵਸਦੇ ਸਿੱਖਾਂ ਦੀ ਕਾਲੋਨੀ ਨੂੰ ਉਜਾੜਨ ਲਈ ਸ਼ਰਾਰਤੀ ਤੇ ਸੁਆਰਥੀ ਅਨਸਰ ਸਰਗਰਮ ਹਨ ਜਿਨ੍ਹਾਂ ਦਾ ਮੁੱਖ ਮਕਸਦ ਸਿੱਖਾਂ ਨੂੰ ਸੂਬੇ ਤੋਂ ਬਾਹਰ ਕੱਢਣਾ ਹੈ।
ਇਸ ਲਈ ਇੱਕ-ਨਿੱਕੀ ਜਿਹੀ ਘਟਨਾਂ ਨੂੰ ਜਿਸ ਤਰ੍ਹਾਂ ਸਾਜ਼ਿਸ਼ ਦੇ ਤਹਿਤ ਤੂਲ ਦੇ ਕੇ ਹਿੰਸਾ ਭੜਕਾਉਣ ਅਤੇ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਸਿੱਧੇ ਤੌਰ 'ਤੇ ਕਾਨੂੰਨ ਵਿਵਸਥਾ ਨੂੰ ਚੁਨੌਤੀ ਦੇਣ ਦੇ ਵਰਗਾ ਸੀ। ਪਰ ਪੁਲਿਸ ਪ੍ਰਸ਼ਾਸਨ ਨੇ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਜੀ.ਕੇ. ਨੇ ਕਿਹਾ ਹਾਲਾਤ ਅੱਜੇ ਤਣਾਅਪੂਰਨ 'ਤੇ ਕਾਬੂ ਹੇਠ ਹਨ।
ਜੀ.ਕੇ. ਨੇ ਮੁਖਮੰਤਰੀ ਕੋਨਾਰਡ ਸੰਗਮਾ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਸਿੱਖਾਂ ਦੀ ਕਾਲੋਨੀ 'ਤੇ ਹਮਲਾ ਕਰਨ ਵਾਲੀ ਭੀੜ ਨੂੰ ਕਿਸੇ ਸਿਆਸੀ ਆਗੂ ਨੇ ਪੈਸੇ ਤੇ ਦਾਰੂ ਵੰਡ ਕੇ ਮਾਹੌਲ ਨੂੰ ਲਾਂਬੂ ਲਾਇਆ ਹੈ। ਮੁਖਮੰਤਰੀ ਨੇ ਸਥਾਨਕ ਖਾਸੀ ਭਾਈਚਾਰੇ ਅਤੇ ਸਿੱਖਾਂ ਦੇ ਵਿੱਚਕਾਰ ਜਮੀਨ ਵਿਵਾਦ ਨੂੰ ਹਲ ਕਰਨ ਦਾ ਭਰੋਸਾ ਦਿਤਾ ਹੈ।