
ਪੰਥਕ ਤਾਲਮੇਲ ਸੰਗਠਨ ਨੇ ਮੇਘਾਲਿਆ ਦੀ ਰਾਜਧਾਨੀ ਸ਼ੀਲਾਂਗ ਵਿਚ ਦਲਿਤ ਸਿੱਖਾਂ ਵਿਰੁਧ ਭੜਕੀ ਹਿੰਸਾ'ਤੇ ਦੁਖ ਪ੍ਰਗਟਾਉਦਿਆਂ ...
ਅੰਮ੍ਰਿਤਸਰ,ਪੰਥਕ ਤਾਲਮੇਲ ਸੰਗਠਨ ਨੇ ਮੇਘਾਲਿਆ ਦੀ ਰਾਜਧਾਨੀ ਸ਼ੀਲਾਂਗ ਵਿਚ ਦਲਿਤ ਸਿੱਖਾਂ ਵਿਰੁਧ ਭੜਕੀ ਹਿੰਸਾ'ਤੇ ਦੁਖ ਪ੍ਰਗਟਾਉਦਿਆਂ ਸਮੁੱਚੇ ਘਟਨਾਕ੍ਰਮ ਨੂੰ ਦੇਸ਼ ਦੇ ਮੱਥੇ 'ਤੇ ਕਲੰਕ ਦਰਸਾਇਆ ਹੈ। ਸੰਗਠਨ ਕਨਵੀਨਰ ਗਿ. ਕੇਵਲ ਸਿੰਘ ਨੇ ਕਿਹਾ ਕਿ ਸ਼ੀਲਾਂਗ ਅੰਦਰ ਵਸਦੀ ਪੰਜਾਬੀ ਕਾਲੋਨੀ ਨਾਲ ਲੰਮੇ ਸਮੇਂ ਤੋਂ ਮਤਰੇਆ ਸਲੂਕ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਉਜਾੜਾ ਕਰ ਕੇ ਯਾਤਰਾ ਸਥਾਨ ਸਥਾਪਤ ਕਰਨ ਲਈ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਤਾਜ਼ਾ ਹਿੰਸਾ ਪਿੱਛੇ ਇਕ ਮਾਮੂਲੀ ਝਗੜੇ ਅਤੇ ਸੋਸ਼ਲ ਮੀਡੀਆ 'ਤੇ ਫੈਲੀ ਖ਼ਬਰ ਨੂੰ ਕਾਰਨ ਦਸਿਆ ਜਾ ਰਿਹਾ ਹੈ।
ਜਦਕਿ ਇਹ ਅੱਗ ਹਮੇਸ਼ਾ ਸੁਲਗਦੀ ਰਹਿੰਦੀ ਹੈ ਜਿਸ ਦਾ ਕਾਰਨ ਹੈ ਕਿ ਜਿਹੜੇ ਲੋਕ ਬ੍ਰਿਟਿਸ਼ ਰਾਜ ਵੇਲੇ ਇਥੇ ਲਿਆ ਕੇ ਵਸਾਏ ਗਏ ਅਤੇ ਉਨ੍ਹਾਂ ਤੋਂ ਗੰਦਗੀ ਸਾਫ਼ ਕਰਵਾਉਣ ਦਾ ਅਤੇ ਮੈਲ਼ਾ ਢੋਣ ਦਾ ਕੰਮ ਲਿਆ ਗਿਆ, ਅੱਜ ਉਹੀ ਲੋਕ ਗੰਦੇ ਲੱਗਣ ਲੱਗ ਪਏ ਹਨ। ਸਰਕਾਰ ਅਤੇ ਸਥਾਨਕ ਲੋਕਾਂ ਦਾ ਫ਼ਰਜ਼ ਬਣਦਾ ਸੀ ਕਿ ਇਨ੍ਹਾਂ ਲੋਕਾਂ ਵਲੋਂ ਪਾਏ ਯੋਗਦਾਨ ਦਾ ਸਤਿਕਾਰ ਕਰਦੇ ਅਤੇ ਉਹਨਾਂ ਦੇ ਵੀ ਵਿਕਾਸ ਦਾ ਸਹਾਰਾ ਬਣਦੇ। ਪਰ ਦਲਿਤ ਸਿੱਖਾਂ ਨੂੰ ਮਾਨਸਿਕ ਤੌਰ'ਤੇ ਪੀੜਾ ਇਸ ਕਦਰ ਦਿੱਤੀ ਜਾ ਰਹੀ ਹੈ ਜਿਸ ਨਾਲ ਉਹ ਇਸ ਧਰਤੀ ਨੂੰ ਛੱਡ ਕੇ ਜਾਣ ਲਈ ਮਜਬੂਰ ਹੋ ਜਾਣ।
ਜਿਸ ਦਾ ਸਬੂਤ ਹੈ ਕਿ ਇਸ ਸਿੱਖ ਵਸੋਂ ਵਾਲੀ ਪੰਜਾਬੀ ਕਲੋਨੀ ਨੂੰ ਸਹੂਲਤਾਂ ਤੋਂ ਸੱਖਣਾ ਰੱਖਿਆ ਜਾ ਰਿਹਾ ਹੈ। ਹਿੰਸਕ ਭੀੜ ਵਲੋਂ ਗੁਰਦੁਆਰਾ ਸਾਹਿਬ ਅਤੇ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਕੀਤੇ ਕੋਝੇ ਯਤਨ ਅਸਹਿਣਸ਼ੀਲਤਾ ਦਾ ਖੁੱਲ੍ਹਾ ਪ੍ਰਗਟਾਵਾ ਹੈ। ਧਰਮ, ਰੰਗ, ਨਸਲ ਭੇਦ ਵਰਤਾਰਾ ਦੇਸ਼ ਦੇ ਪਛੜੇਪਨ ਦੀ ਨਿਸ਼ਾਨੀ ਹੈ।
ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਸਾਡੀ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਖੁੱਲ੍ਹੀ ਅਪੀਲ ਹੈ ਕਿ ਅਮਨ-ਅਮਾਨ ਕਾਇਮ ਕਰਨ ਲਈ ਵਿਤਕਰੇ ਵਾਲੇ ਵਤੀਰੇ ਦੀ ਜੜ੍ਹ ਨੂੰ ਫੜਿਆ ਜਾਵੇ। ਇਸ ਦੇਸ਼ ਲਈ ਸਿੱਖਾਂ ਵਲੋਂ ਕੀਤੀਆਂ ਕੁਰਬਾਨੀਆਂ ਨੂੰ ਭੁੱਲ ਕੇ ਵਾਰ-ਵਾਰ ਬੇਗਾਨਗੀ ਦਾ ਅਹਿਸਾਸ ਨਾ ਕਰਵਾਇਆ ਜਾਵੇ। ਦੂਸਰਾ ਇਸ ਹਿੰਸਾ ਪਿੱਛੇ ਸਿਆਸੀ ਤੇ ਸ਼ਰਾਰਤੀ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।