
ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਤੋਂ ਸ਼ੁਰੂ ਹੋਏ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਤੋਂ ਬਾਅਦ ਅੱਜ ਫਿਰ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਨੇੜਲੇ ਪਿੰਡ ਰੂਕਣਪੁਰਾ...
ਅਬੋਹਰ, ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਤੋਂ ਸ਼ੁਰੂ ਹੋਏ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਤੋਂ ਬਾਅਦ ਅੱਜ ਫਿਰ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਨੇੜਲੇ ਪਿੰਡ ਰੂਕਣਪੁਰਾ ਖੂਈਖੇੜਾ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਹੀ ਇਕ ਵਿਅਕਤੀ ਵਲੋਂ ਪਿੰਡ ਦੇ ਪੁਰਾਣੇ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਚੁੱਕ ਕੇ ਅਪਣੇ ਘਰ ਲੈ ਗਿਆ ਤਾਕਿ ਉਸ ਨੂੰ ਘਰ ਦੇ ਨੇੜੇ ਸਥਿਤ ਨਵੇਂ ਗੁਰਦੁਆਰਾ ਸਾਹਿਬ ਵਿਚ ਰਖਿਆ ਜਾ ਸਕੇ।
ਰੁਕਣਪੁਰਾ ਖੂਈਖੇੜਾ ਦਾ ਵਾਸੀ ਕੁਲਦੀਪ ਸਿੰਘ ਪੁੱਤਰ ਉਧਮ ਸਿੰਘ ਬੀਤੀ ਰਾਤ ਅਪਣੇ ਘਰ ਤੋਂ ਕੁੱਝ ਦੂਰੀ ਤੇ ਬਣੇ ਪੁਰਾਣੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਦੇ ਗੇਟ ਦੇ ਤਾਲੇ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੁੱਕ ਕੇ ਅਪਣੇ ਘਰ ਲੈ ਆਇਆ ਅਤੇ ਸਵੇਰੇ ਕਰੀਬ 4 ਵਜੇ ਅਪਣੇ ਘਰ ਦੇ ਨੇੜੇ ਬਣੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਪੁੱਜਾ ਅਤੇ ਪਾਠੀ ਸੁਖਵਿੰਦਰ ਨੂੰ ਕਿਹਾ ਕਿ ਉਹ ਹਾਲੇ ਪਾਠ ਸ਼ੁਰੂ ਨਾ ਕਰੇ ਕਿਉਂਕਿ ਉਹ ਕੁੱਝ ਦੇਰ ਵਿਚ ਵਾਪਸ ਮੁੜ ਰਿਹਾ ਹੈ।
ਇਸ ਤੋਂ ਬਾਅਦ ਉਹ ਕੁੱਝ ਮਿੰਟਾਂ ਵਿਚ ਜਦ ਵਾਪਸ ਗੁਰਦੁਆਰਾ ਸਾਹਿਬ ਪੁੱਜਾ ਤਾਂ ਉਸ ਦੇ ਹੱਥਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੇਖ ਕੇ ਬਾਕੀ ਲੋਕਾਂ ਦੇ ਹੋਸ਼ ਉਡ ਗਏ। ਇਸ ਸਬੰਧੀ ਪੁਲਿਸ ਨੇ ਕੁਲਦੀਪ ਸਿੰਘ ਨੂੰ ਕਾਬੂ ਕਰ ਕੇ ਉਸ ਵਿਰੁਧ ਮਾਮਲਾ ਦਰਜ ਕਰ ਲਿਆ। ਪੰਜ ਪਿਆਰਿਆਂ ਨੇ ਫ਼ੈਸਲਾ ਕੀਤਾ ਇਸ ਪਾਵਨ ਸਰੂਪ ਨੂੰ ਹੁਣ ਪੁਰਾਣੇ ਗੁਰਦੁਆਰਾ ਸਾਹਿਬ ਵਿਚ ਨਹੀਂ ਰਖਿਆ ਜਾਵੇਗਾ ਅਤੇ ਉਨ੍ਹਾਂ ਨੇ ਪੁਰਾਣੇ ਗੁਰਦੁਆਰਾ ਸਾਹਿਬ ਦੀ ਕਮੇਟੀ ਮੈਬਰਾਂ ਅਤੇ ਗ੍ਰੰਥੀ ਨੂੰ ਤਲਬ ਕਰਦੇ ਹੋਏ ਨਵੇਂ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਖਵਾਉਂਦੇ ਹੋਏ ਉਥੇ ਸਹਿਜ ਪਾਠ ਰਖਾਉਣ ਦੇ ਨਿਰਦੇਸ਼ ਜਾਰੀ ਕਰ ਦਿਤੇ।