
ਸ਼ਰਧਾਲੂ ਅਪਣੀ ਯਾਤਰਾ ਦੌਰਾਨ ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਗੇ
ਨਵੀਂ ਦਿੱਲੀ: ਪਾਕਿਸਤਾਨ ਹਾਈ ਕਮਿਸ਼ਨ ਨੇ ਬੁਧਵਾਰ ਨੂੰ ਕਿਹਾ ਕਿ ਉਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਭਾਰਤ ਤੋਂ ਆਏ ਸਿੱਖ ਸ਼ਰਧਾਲੂਆਂ ਨੂੰ 962 ਵੀਜ਼ਾ ਜਾਰੀ ਕੀਤੇ ਹਨ। ਧਾਰਮਕ ਅਸਥਾਨਾਂ ਦੀ ਯਾਤਰਾ ’ਤੇ ਦੁਵਲੇ ਪ੍ਰੋਟੋਕੋਲ ਦੇ ਪ੍ਰਬੰਧ ਦੇ ਤਹਿਤ, ਭਾਰਤ ਤੋਂ ਸਿੱਖ ਅਤੇ ਹਿੰਦੂ ਤੀਰਥ ਮੁਸਾਫ਼ਰ ਹਰ ਸਾਲ ਪਾਕਿਸਤਾਨ ਜਾਂਦੇ ਹਨ। ਪ੍ਰੋਟੋਕੋਲ ਦੇ ਤਹਿਤ ਪਾਕਿਸਤਾਨੀ ਤੀਰਥ ਮੁਸਾਫ਼ਰ ਵੀ ਹਰ ਸਾਲ ਭਾਰਤ ਆਉਂਦੇ ਹਨ।
ਹਾਈ ਕਮਿਸ਼ਨ ਨੇ ਇਕ ਬਿਆਨ ’ਚ ਕਿਹਾ, ‘‘ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ 8 ਤੋਂ 17 ਜੂਨ ਤਕ ਪਾਕਿਸਤਾਨ ’ਚ ਹੋਣ ਵਾਲੇ ਸਾਲਾਨਾ ਤਿਉਹਾਰ ’ਚ ਹਿੱਸਾ ਲੈਣ ਲਈ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ 962 ਵੀਜ਼ਾ ਜਾਰੀ ਕੀਤੇ ਹਨ।’’
ਇਸ ਵਿਚ ਕਿਹਾ ਗਿਆ ਹੈ ਕਿ ਸ਼ਰਧਾਲੂ ਅਪਣੀ ਯਾਤਰਾ ਦੌਰਾਨ ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਗੇ। ਪਾਕਿਸਤਾਨ ਹਾਈ ਕਮਿਸ਼ਨ ਦੇ ਮੁਖੀ ਸਾਦ ਅਹਿਮਦ ਵੜੈਚ ਨੇ ਸ਼ਰਧਾਲੂਆਂ ਨੂੰ ਸੰਪੂਰਨ ਯਾਤਰਾ ਦੀ ਕਾਮਨਾ ਕੀਤੀ। ਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਵੀਜ਼ਾ ਜਾਰੀ ਕਰਨਾ 1974 ਦੇ ਧਾਰਮਕ ਅਸਥਾਨਾਂ ਦੀ ਯਾਤਰਾ ’ਤੇ ਦੁਵਲੇ ਪ੍ਰੋਟੋਕੋਲ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਪਾਕਿਸਤਾਨ ਸਰਕਾਰ ਦੀ ਵਚਨਬੱਧਤਾ ਦੇ ਅਨੁਸਾਰ ਹੈ।