ਪੰਜਾਬ ਸਰਕਾਰ ਵਲੋਂ ਗਠਤ ਰੀਵਿਊ ਕਮੇਟੀ ਨੇ 12ਵੀਂ ਜਮਾਤ ਦੀ ਇਤਿਹਾਸ ਦੀ ਨਵੀਂ ਪੁਸਤਕ ਰੱਦ ਕਰ ਦਿਤੀ ਹੈ..........
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਗਠਤ ਰੀਵਿਊ ਕਮੇਟੀ ਨੇ 12ਵੀਂ ਜਮਾਤ ਦੀ ਇਤਿਹਾਸ ਦੀ ਨਵੀਂ ਪੁਸਤਕ ਰੱਦ ਕਰ ਦਿਤੀ ਹੈ। ਕਮੇਟੀ ਨੇ ਨਵੀਂ ਪੁਸਤਕ ਦਾ ਸਿਲੇਬਸ ਤਿਆਰ ਕਰਨ ਲਈ ਅਗਲੀ ਮੀਟਿੰਗ 14 ਜੁਲਾਈ ਨੂੰ ਸੱਦ ਲਈ ਹੈ। ਕਮੇਟੀ ਨੇ ਸਰਬਸੰਮਤੀ ਨਾਲ ਨਵੀਂ ਪੁਸਤਕ ਨੂੰ ਸਕੂਲ ਵਿਦਿਆਰਥੀਆਂ ਦੇ ਨਾ ਪੜ੍ਹਨਯੋਗ ਕਰਾਰ ਦਿਤਾ ਹੈ। ਕਮੇਟੀ ਨੇ ਇਤਿਹਾਸ ਦੀ ਨਵੀਂ ਪੁਸਤਕ 'ਤੇ ਲਾਈ ਰੋਕ ਬਰਕਰਾਰ ਰਖਦਿਆਂ 11ਵੀਂ ਤੇ 12ਵੀਂ ਲਈ ਤਿਆਰ ਕੀਤੀਆਂ ਜਾਣ ਵਾਲੀਆਂ ਇਤਿਹਾਸ ਦੀਆਂ ਨਵੀਆਂ ਕਿਤਾਬਾਂ ਚੈਪਟਰਵਾਈਜ਼ ਤਿਆਰ ਕਰਨ ਦਾ ਫ਼ੈਸਲਾ ਲਿਆ ਹੈ।
ਵਿਦਿਆਰਥੀਆਂ ਨੂੰ ਅਗਲੇ 15 ਦਿਨਾਂ ਵਿਚ ਅਧਿਆਏ ਅਨੁਸਾਰ ਮੁਹੱਈਆ ਕਰਾਉਣੀਆਂ ਸ਼ੁਰੂ ਕਰ ਦਿਤੀਆਂ ਜਾਣਗੀਆਂ। ਇਹ ਚੈਪਟਰ ਨਾਲ ਦੇ ਨਾਲ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿਤੇ ਜਾਣਗੇ ਅਤੇ ਪੂਰੀ ਪੁਸਤਕ ਦਸੰਬਰ ਮਹੀਨੇ ਤਕ ਤਿਆਰ ਕਰ ਕੇ ਛਾਪ ਦਿਤੀ ਜਾਵੇਗੀ। ਸਿਖਿਆ ਮੰਤਰੀ ਓਪੀ ਸੋਨੀ ਦੀ ਪ੍ਰਧਾਨਗੀ ਹੇਠ ਰੀਵਿਊ ਕਮੇਟੀ ਦੀ ਪੰਜਾਬ ਭਵਨ ਵਿਚ ਬੰਦ ਕਮਰਾ ਮੀਟਿੰਗ ਕੀਤੀ ਗਈ ਹੈ। ਸਿਖਿਆ ਮੰਤਰੀਆਂ ਦੀਆਂ ਹਦਾਇਤਾਂ 'ਤੇ ਮੀਟਿੰਗ ਦਾ ਸਥਾਨ ਸਕੂਲ ਸਿਖਿਆ ਬੋਰਡ ਮੋਹਾਲੀ ਤੋਂ ਬਦਲ ਕੇ ਪੰਜਾਬ ਭਵਨ ਕਰ ਦਿਤਾ ਗਿਆ ਸੀ।
ਉੱਚ ਭਰੋਸੇਯੋਗ ਸੂਤਰਾਂ ਦਾ ਦਸਣਾ ਹੈ ਕਿ ਮੀਟਿੰਗ ਦੌਰਾਨ ਇਤਿਹਾਸ ਦੀ ਨਵੀਂ ਪੁਸਤਕ ਵਿਚ ਭਾਸ਼ਾ ਅਤੇ ਤੱਥਾਂ ਦੀਆਂ ਗ਼ਲਤੀਆਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸਕੂਲਾਂ ਵਿਚ ਭੇਜਣ 'ਤੇ ਲਾਈ ਰੋਕ ਬਰਕਰਾਰ ਰੱਖੀ ਗਈ ਹੈ। ਸੂਤਰਾਂ ਨੇ ਇਹ ਵੀ ਦਸਿਆ ਕਿ ਨਵੀਂ ਪੁਸਤਕ ਦੀ ਤਿਆਰੀ ਲਈ ਲਏ ਜਾਣ ਵਾਲੇ ਮੈਂਬਰਾਂ ਬਾਰੇ ਵਿਚਾਰ ਅਗਲੀ ਮੀਟਿੰਗ ਵਿਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਮੇਟੀ ਨੇ 21 ਜੂਨ ਨੂੰ ਅੰਤਮ ਫ਼ੈਸਲਾ ਦੇਣ ਦੀ ਤਰੀਕ ਤੈਅ ਕੀਤੀ ਸੀ ਪਰ ਉਦੋਂ ਪੁਸਤਕ 'ਤੇ ਪੱਕੇ ਤੌਰ 'ਤੇ ਰੋਕ ਲਾਉਣ ਦਾ ਫ਼ੈਸਲਾ ਹੋਰ 'ਰਿੜਕਣ' ਲਈ ਰੱਖ ਲਿਆ ਗਿਆ ਸੀ।
ਮੀਟਿੰਗ ਵਿਚ ਕਮੇਟੀ ਦੇ ਚੇਅਰਮੈਨ ਡਾ. ਕਿਰਪਾਲ ਸਿੰਘ ਇਤਿਹਾਸਕਾਰ, ਮੈਂਬਰ ਜੇ.ਐਸ. ਗਰੇਵਾਲ, ਮੈਂਬਰ ਡਾ. ਪ੍ਰਿਥੀਪਾਲ ਸਿੰਘ ਕਪੂਰ, ਡਾ. ਇੰਦੂ ਬੰਗਾ, ਡਾ. ਬਲਵੰਤ ਸਿੰਘ ਢਿੱਲੋਂ ਅਤੇ ਇੰਦਰਜੀਤ ਸਿੰਘ ਗੋਗੋਆਣੀ ਹਾਜ਼ਰ ਸਨ। ਇਨ੍ਹਾਂ ਤੋਂ ਬਿਨਾਂ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਕ੍ਰਿਸ਼ਨਕਾਂਤ ਕਲੋਹੀਆ, ਸਿਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਡਾਇਰੈਕਟਰ ਜਨਰਲ ਸਿਖਿਆ-ਵਾਈਸ ਚੇਅਰਮੈਨ ਪ੍ਰਸ਼ਾਂਤ ਗੋਇਲ ਮੌਜੂਦ ਸਨ। ਮੀਟਿੰਗ ਵਿਚ ਸ਼ਾਮਲ ਮੈਂਬਰਾਂ ਨੇ ਇਕਮਤ ਹੁੰਦਿਆਂ ਕਿਹਾ ਕਿ 11ਵੀਂ ਤੇ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਨੂੰ ਤਿਆਰ ਕਰਦੇ ਸਮੇਂ ਇਸ ਗੱਲ ਦਾ ਖ਼ਿਆਲ ਰਖਿਆ ਜਾਵੇਗਾ
ਕਿ ਵਿਦਿਆਰਥੀ ਜਦ ਪੰਜਾਬ ਦਾ ਇਤਿਹਾਸ ਪੜ੍ਹਨਗੇ ਤਾਂ ਨਾਲ ਹੀ ਉਹ ਸਮਕਾਲੀ ਇਤਿਹਾਸ ਤੋਂ ਵੀ ਜਾਣੂੰ ਹੋ ਜਾਣ। ਕਮੇਟੀ ਦੇ ਇਕ ਮੈਂਬਰ ਨੇ ਅਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਪੁਸਤਕ ਵਿਚਲੀਆਂ ਭਾਸ਼ਾ ਅਤੇ ਤੱਥਾਂ ਦੀਆਂ ਗ਼ਲਤੀਆਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ 12ਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਨ ਦੀ ਸਿਫ਼ਾਰਸ਼ ਕੀਤੀ ਜਾ ਸਕਦੀ ਹੈ। ਸਿਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਬਹੁਤ ਮਾਣਮੱਤਾ ਹੈ ਅਤੇ ਇਸ ਨੂੰ ਸਿਖਰ 'ਤੇ ਪਹੁੰਚਾਉਣ ਵਿਚ ਸਿੱਖ ਧਰਮ ਦਾ ਅਹਿਮ ਰੋਲ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਵਿਰਸੇ ਬਾਰੇ ਸਹੀ ਜਾਣਕਾਰੀ ਦਿਤੀ ਜਾਵੇ। ਜ਼ਿਕਰਯੋਗ ਹੈ ਕਿ ਇਤਿਹਾਸ ਦੀ ਨਵੀਂ ਪੁਸਤਕ ਵਿਚੋਂ ਸਿੱਖ ਇਤਿਹਾਸ ਮਨਫ਼ੀ ਹੋਣ ਦਾ ਮਾਮਲਾ ਵਿਵਾਦਾਂ ਵਿਚ ਘਿਰਨ ਤੋਂ ਬਾਅਦ ਰੋਸ ਪੈਦਾ ਹੋ ਗਿਆ ਸੀ ਜਿਸ ਦੇ ਸਿੱਟੇ ਵਜੋਂ ਸਰਕਾਰ ਨੂੰ ਨਵੀਂ ਪੁਸਤਕ ਵਿਚ ਗ਼ਲਤੀਆਂ ਦੀ ਸੋਧ ਲਈ ਰੀਵਿਊ ਕਮੇਟੀ ਦਾ ਗਠਨ ਕਰਨਾ ਪੈ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਵਲੋਂ ਮਾਮਲੇ ਨੂੰ ਕਾਫ਼ੀ ਤੂਲ ਦਿਤੀ ਗਈ ਸੀ। ਇਹ ਮਾਮਲਾ ਵੀ ਭਖ ਗਿਆ ਸੀ ਕਿ ਕਮੇਟੀ ਨੇ ਪੁਰਾਣੀ ਪੁਸਤਕ ਪੜ੍ਹਨ ਦੀ ਸਿਫ਼ਾਰਸ਼ ਅਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੀਤੀ ਹੈ।