
ਦਿੱਲੀ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਸੀ ਗਿੱਲੇ ਸ਼ਿਕਵੇ ਪਾਸੇ ਰੱਖਦਿਆਂ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੀ ਵਿਰਾਸਤੀ ਇਮਾਰਤ ਨੂੰ ਬਚਾਉਣ
ਨਵੀਂ ਦਿੱਲੀ: ਦਿੱਲੀ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਸੀ ਗਿੱਲੇ ਸ਼ਿਕਵੇ ਪਾਸੇ ਰੱਖਦਿਆਂ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੀ ਵਿਰਾਸਤੀ ਇਮਾਰਤ ਨੂੰ ਬਚਾਉਣ ਲਈ 'ਸੰਗਤ' ਨਾਂਅ ਹੇਠ ਨਵੀਂ ਮੁਹਿੰਮ ਸ਼ੁਰੂ ਕਰਦਿਆਂ ਦੁਨੀਆਂ ਭਰ ਦੇ ਸਿੱਖਾਂ ਨੂੰ ਸੱਦਾ ਦਿਤਾ ਹੈ ਕਿ ਉਹ ਬਾਦਲਾਂ ਵਲੋਂ ਵਿਰਾਸਤੀ ਇਮਾਰਤ ਨਾਲ ਛੇੜਛਾੜ ਕਰਨ ਵਿਰੁਧ ਲਾਮਬੰਦ ਹੋਣ।'ਸੰਗਤ' ਦੇ ਬੈਨਰ ਹੇਠ ਜੁੜੇ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਮੈਂਬਰ ਸ.ਇੰਦਰਜੀਤ ਸਿੰਘ ਮੌਂਟੀ, ਸ. ਸ.ਹਰਮੀਤ ਸਿੰਘ ਪਿੰਕਾ, ਸ.ਦਮਨਦੀਪ ਸਿੰਘ, ਸ.ਹਰਮਿੰਦਰ ਸਿੰਘ ਆਹਲੂਵਾਲੀਆ ਤੇ ਸ.ਇਕਬਾਲ ਸਿੰਘ ਨੇ ਸਾਂਝੇ ਤੌਰ 'ਤੇ ਅੱਜ ਸ਼ਾਮ ਨੂੰ
ਪੱਤਰਕਾਰ ਮਿਲਣੀ ਕਰਦਿਆਂ ਇਕ ਵੀਡੀਉ ਟੁਕੜਾ ਜਾਰੀ ਕਰ ਕੇ, ਦਾਅਵਾ ਕੀਤਾ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਬੰਦ ਕਮਰੇ ਵਿਚ ਸਾਫ਼ ਆਖਦੇ ਹਨ ਕਿ ਵਿਰਾਸਤੀ ਦੀਵਾਨ ਹਾਲ ਦੀ ਇਮਾਰਤ ਨੂੰ ਖੁਲ੍ਹਾ ਕਰਨ ਲਈ ਕਾਰਸੇਵਾ ਕੀਤੀ ਜਾਵੇਗੀ, ਪਰ ਸੰਗਤ ਦਾ ਦਬਾਅ ਪੈਣ ਤੋਂ ਬਾਅਦ ਉਹ 23 ਸਤੰਬਰ ਨੂੰ ਮੁਕਰ ਗਏ ਤੇ ਸਿੱਖਾਂ ਨੂੰ ਗੁਮਰਾਹ ਕਰਦਿਆਂ ਅਪਣੇ ਪਹਿਲੇ ਸਟੈਂਡ ਦੇ ਉਲਟ ਜਾ ਕੇ, ਆਖਣ ਲੱਗੇ ਕਿ ਸਿਰਫ਼ ਜੋੜਾ ਘਰ ਤੇ ਪ੍ਰਸ਼ਾਦ ਕਾਊਂਟਰ ਬਣਾਉਣ ਵਾਸਤੇ ਕਾਰਸੇਵਾ ਕਰਨੀ ਸੀ।
ਸ.ਇੰਦਰਜੀਤ ਸਿੰਘ ਮੌਂਟੀ ਨੇ ਦਾਅਵਾ ਕੀਤਾ,“1984 ਵੇਲੇ ਜਦੋਂ ਕਾਂਗਰਸੀ ਆਗੂ ਕਮਲਨਾਥ ਨੇ 1984 ਵਿਚ ਭੂਤਰੀਆਂ ਭੀੜਾਂ ਨਾਲ ਗੁਰਦਵਾਰਾ ਰਕਾਬ ਗੰਜ ਸਾਹਿਬ 'ਤੇ ਹਮਲਾ ਕੀਤਾ ਸੀ, ਉਦੋਂ ਦੇ ਗੋਲੀਆਂ ਦੇ ਨਿਸ਼ਾਨ ਵਿਰਾਸਤੀ ਇਮਾਰਤ ਦੇ ਬਾਹਰ ਪੌੜੀਆਂ ਵਾਲੇ ਪਾਸੇ ਅਜੇ ਵੀ ਉਕਰੇ ਹੋਏ ਹਨ ਜਿਸ ਨੂੰ ਖ਼ਤਮ ਕਰਨ ਲਈ ਕਮੇਟੀ ਸਾਜ਼ਸ਼ ਕਰ ਰਹੀ ਹੈ। 1790 ਪਿਛੋਂ ਜਦੋਂ ਬਾਬਾ ਬਘੇਲ ਸਿੰਘ ਨੇ ਇਸ ਵਿਰਾਸਤੀ ਇਮਾਰਤ ਦੀ ਉਸਾਰੀ ਕਰਵਾਈ ਸੀ, ਉਦੋਂ ਦੀਆਂ ਇਸ ਦੀਆਂ ਨੀਂਹਾਂ ਹਨ ਜਿਸ ਨੂੰ ਤੋੜਨ ਦਾ ਮਤਲਬ ਕੌਮ ਦੀ ਨਵੀਂ ਪੀੜੀ ਦੇ ਗੁਨਾਹਗਾਰ ਬਣਨਾ ਹੈ।''
ਜਿਥੇ ਸ.ਹਰਮੀਤ ਸਿੰਘ ਪਿੰਕਾ ਨੇ ਦੋਸ਼ ਲਾਇਆ ਕਿ ਆਰ.ਐਸ.ਐਸ.ਦੇ ਅਖੌਤੀ ਇਸ਼ਾਰੇ 'ਤੇ ਮਨਜੀਤ ਸਿੰਘ ਜੀ.ਕੇ. ਇਮਾਰਤ ਦੀ ਭੰਨ-ਤੋੜ ਕਰਨਾ ਚਾਹੁੰਦੇ ਹਨ, ਉਥੇ ਸ.ਦਮਨਦੀਪ ਸਿੰਘ ਨੇ ਕਿਹਾ 23 ਸਤੰਬਰ ਨੂੰ ਰਕਾਬ ਗੰਜ ਸਾਹਿਬ ਵਿਖੇ ਅਖੌਤੀ ਕਾਰਸੇਵਾ ਦਾ ਵਿਰੋਧ ਕਰਨ ਵਾਲਿਆਂ ਨੂੰ ਬਾਦਲ ਦਲ ਵਲੋਂ 'ਹੁੜਦੰਗੀ ਗਰੋਹ' ਆਖਣਾ, ਸੰਗਤ ਦੀ ਤੌਹੀਨ ਹੈ।ਸ.ਹਰਮਿੰਦਰ ਸਿੰਘ ਆਹਲੂਵਾਲੀਆ ਨੇ ਕਿਹਾ ਜਦ ਮਨਜੀਤ ਸਿੰਘ ਜੀ ਕੇ ਦਾ ਝੂਠ ਫੜ੍ਹਿਆ ਗਿਆ ਹੈ ਤਾਂ ਉਹ ਬਾਦਲਾਂ ਦੇ ਚੈਨਲ 'ਤੇ ਕੌਮ ਨੂੰ ਗੁਮਰਾਹ ਕਰ ਰਹੇ ਹਨ ਕਿ ਉਹ ਮੁੱਖ ਦੀਵਾਨ ਹਾਲ ਦੀ ਇਮਾਰਤ ਨੂੰ ਨਹੀਂ ਛੇੜ ਰਹੇ।
ਸਾਰੇ ਨੁਮਾਇੰਦਿਆਂ ਨੇ ਸਪਸ਼ਟ ਕੀਤਾ ਕਿ ਗੁਰਦਵਾਰਾ ਰਕਾਬ ਗੰਜ ਸਾਹਮਣੇ ਪਾਰਲੀਮੈਂਟ ਭਵਨ ਹੋਣ ਕਾਰਨ ਜੇ ਇਕ ਵਾਰ ਵਿਰਾਸਤੀ ਇਮਾਰਤ ਨਾਲ ਛੇੜਛਾੜ ਕੀਤੀ ਗਈ, ਤਾਂ ਸਰਕਾਰੀ ਏਜੰਸੀਆਂ ਨੇ ਮੁੜ ਇਮਾਰਤ ਬਣਨ ਨਹੀਂ ਦੇਣੀ।ਸਾਰੇ ਨੁਮਾਇੰਦਿਆਂ ਨੇ ਕਿਹਾ ਕਿ ਅਸਲ ਵਿਚ ਕਾਰਸੇਵਾ ਦੇ ਨਾਂਅ ਹੇਠ ਕਮੇਟੀ ਸੰਗਤ ਦੇ ਕਰੋੜਾਂ ਰੁਪਏ ਖ਼ੁਰਦ ਬੁਰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਵਿਦਵਾਨਾਂ ਨਾਲ ਵੀ ਗੱਲਬਾਤ ਹੋਈ ਹੈ ਤੇ ਅਸੀਂ 'ਸੋਸ਼ਲ ਮੀਡੀਆ' ਤੋਂ ਲੈ ਕੇ, 46 ਗੁਰਦਵਾਰਾ ਚੋਣ ਹਲਕਿਆਂ ਵਿਚ ਬਾਦਲਾਂ ਦੇ ਅਸਲ ਮਨਸੂਬਿਆਂ ਨੂੰ ਸੰਗਤ ਸਾਹਮਣੇ ਰੱਖਾਂਗੇ। ਇਸ ਮੌਕੇ ਸ.ਗੁਰਮੀਤ ਸਿੰਘ, ਸ.ਇੰਦਰਜੀਤ ਸਿੰਘ ਸੰਤ ਗੜ੍ਹ ਤੇ ਸ.ਗੁਰਪਾਲ ਸਿੰਘ ਹਾਜ਼ਰ ਸਨ।