ਭਾਈ ਗੁਰਦੇਵ ਸਿੰਘ ਕਾਉਂਕੇ ਦੀ ਪਤਨੀ ਦੇ ਭਾਵੁਕ ਬੋਲ, ‘ਇਨਸਾਫ਼ ਦੀਆਂ ਗੱਲਾਂ ਤਾਂ ਬਹੁਤ ਕਰਦੇ ਸੀ ਪਰ ਸਾਥ ਨਹੀਂ ਦਿਤਾ’
Published : Jan 6, 2024, 5:11 pm IST
Updated : Jan 6, 2024, 5:39 pm IST
SHARE ARTICLE
Bhai Gurdev Singh Kaunke's wife
Bhai Gurdev Singh Kaunke's wife

ਸਕੂਲ ’ਚ ਪੜ੍ਹਦੇ ਪੁੱਤ ਨੂੰ ਘਰੋਂ ਚੁੱਕ ਕੇ ਪੁਲਿਸ ਨੇ ਲਾਇਆ ਸੀ ਕਰੰਟ

ਸਕੂਲ ’ਚ ਪੜ੍ਹਦੇ ਪੁੱਤ ਨੂੰ ਘਰੋਂ ਚੁੱਕ ਕੇ ਪੁਲਿਸ ਨੇ ਲਾਇਆ ਸੀ ਕਰੰਟ
ਜਾਣ ਸਮੇਂ ਭਾਈ ਕਾਉਂਕੇ ਦੇ ਬੋਲ ਸਨ, ‘ਲੱਗਦੈ ਸਰਕਾਰ ਕੋਈ ਕਾਰਾ ਕਰੂਗੀ’

ਜਗਰਾਉਂ  (ਸਸਸ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਬਾਰੇ ਪੰਜਾਬ ਪੁਲਿਸ ਦੇ ਸਾਬਕਾ ਵਧੀਕ ਡੀ.ਜੀ.ਪੀ. ਬੀ.ਪੀ. ਤਿਵਾੜੀ ਦੀ ਜਾਂਚ ਰੀਪੋਰਟ 25 ਸਾਲ ਮਗਰੋਂ ਜਨਤਕ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਕਰੀਬ 32 ਸਾਲ ਤੋਂ ਜਿਥੇ ਭਾਈ ਕਾਉਂਕੇ ਦਾ ਪ੍ਰਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ, ਉਥੇ ਹੀ ਸਿੱਖ ਕੌਮ ਲਈ ਇਹ ਵੱਡੀ ਤ੍ਰਾਸਦੀ ਹੈ ਕਿ ਕੌਮ ਅਪਣੇ ਜਥੇਦਾਰ ਨੂੰ ਇਨਸਾਫ਼ ਨਹੀਂ ਦਿਵਾ ਸਕੀ। 

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਭਾਈ ਕਾਉਂਕੇ ਦੇ ਪਤਨੀ ਬੀਬੀ ਗੁਰਮੇਲ ਕੌਰ ਨੇ ਕਿਹਾ ਕਿ ਭਾਈ ਕਾਉਂਕੇ ਦੀ ਸ਼ਹਾਦਤ ਮਗਰੋਂ ਆਗੂ ਇਨਸਾਫ਼ ਦੀਆਂ ਗੱਲਾਂ ਤਾਂ ਬਹੁਤ ਕਰਦੇ ਸੀ ਪਰ ਕਿਸੇ ਨੇ ਸਾਥ ਨਹੀਂ ਦਿਤਾ।  ਉਨ੍ਹਾਂ ਦਿਨਾਂ ਬਾਰੇ ਬਾਰੇ ਗੱਲ ਕਰਦਿਆਂ ਗੁਰਮੇਲ ਕੌਰ ਨੇ ਦਸਿਆ, ‘‘20 ਦਸੰਬਰ ਨੂੰ ਮੇਰਾ ਦੋਹਤਾ ਗੁਜ਼ਰ ਗਿਆ ਸੀ ਤੇ ਉਸੇ ਦਿਨ ਪੁਲਿਸ ਮੇਰੇ ਪਤੀ ਨੂੰ ਫੜ ਕੇ ਲੈ ਗਈ। ਪਹਿਲਾਂ ਪੁਲਿਸ ਕਹਿ ਰਹੀ ਸੀ ਕਿ ਸ਼ਾਮ ਤਕ ਉਨ੍ਹਾਂ ਨੂੰ ਛੱਡ ਦਿਤਾ ਜਾਵੇਗਾ ਪਰ ਭਾਈ ਕਾਉਂਕੇ ਕਹਿ ਗਏ ਸਨ ਕਿ ਲਾਸ਼ ਨਾ ਖਰਾਬ ਕਰਿਉ, ਤੁਸੀਂ ਸਸਕਾਰ ਕਰ ਦਿਉ, ਹਾਲਾਂਕਿ ਸ਼ਾਮ ਨੂੰ ਉਨ੍ਹਾਂ ਨੂੰ ਛੱਡ ਦਿਤਾ ਗਿਆ।’’

ਗੁਰਮੇਲ ਕੌਰ ਨੇ ਦਸਿਆ, ‘‘25 ਦਸੰਬਰ ਨੂੰ ਪੁਲਿਸ ਫਿਰ ਉਨ੍ਹਾਂ ਨੂੰ ਲੈ ਗਈ, ਮੈਂ ਸ਼ਾਮ ਨੂੰ ਅਪਣੀ ਬੇਟੀ ਦੇ ਘਰੋਂ ਆਈ ਸੀ। ਮੈਨੂੰ ਬੱਚਿਆਂ ਨੇ ਦਸਿਆ ਕਿ ਬਾਪੂ ਜੀ ਨੂੰ ਲੈ ਗਏ। ਮੈਂ ਪ੍ਰਸ਼ਾਦਾ ਤਿਆਰ ਕਰ ਕੇ ਥਾਣੇ ਲੈ ਕੇ ਗਈ ਪਰ ਉਨ੍ਹਾਂ ਨੇ ਪ੍ਰਸ਼ਾਦਾ ਨਹੀਂ ਫੜਿਆ।’’ਭਾਈ ਕਾਉਂਕੇ ਦੀ ਪਤਨੀ ਨੇ ਦਸਿਆ ਕਿ ਜਦੋਂ ਪੁਲਿਸ ਉਨ੍ਹਾਂ ਦੇ ਘਰ ਆਈ ਤਾਂ ਬੱਚਿਆਂ ਨੇ ਉਸ ਨੂੰ ਦਸਿਆ ਉਹ ਗੁਰਦੁਆਰਾ ਸਾਹਿਬ ਵਿਚ ਹਨ। ਗੁਰਦੁਆਰਾ ਸਾਹਿਬ ਜਦੋਂ ਪੁਲਿਸ ਪਹੁੰਚੀ ਤਾਂ ਭਾਈ ਕਾਉਂਕੇ ਨੇ ਕਿਹਾ ਕਿ ਉਹ ਘਰੋਂ ਚੱਲਣਗੇ। ਉਨ੍ਹਾਂ ਨੇ ਘਰ ਆ ਕੇ ਇਸ਼ਨਾਨ ਕੀਤਾ ਅਤੇ ਪ੍ਰਸ਼ਾਦਾ ਛਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸੰਗਤ ਨੂੰ ਫਤਹਿ ਬੁਲਾਈ। ਜਾਣ ਸਮੇਂ ਉਨ੍ਹਾਂ ਦੇ ਬੋਲ ਸਨ, ‘‘ਲੱਗਦੈ ਸਰਕਾਰ ਕੋਈ ਕਾਰਾ ਕਰੂਗੀ।’’

ਉਹ ਦਸਦੇ ਹਨ, ‘‘ਮੈਂ ਜਥੇਦਾਰ ਜੀ ਲਈ ਥਾਣੇ ਰੋਟੀ ਲੈ ਕੇ ਜਾਂਦੀ ਸੀ ਅਤੇ ਪੁਲਿਸ ਵਾਲੇ ਰੋਟੀ ਵਾਲਾ ਡੱਬਾ ਖਾਲੀ ਕਰ ਕੇ ਮੋੜ ਦਿੰਦੇ ਸਨ। ਮੈਨੂੰ ਨਹੀਂ ਪਤਾ ਕਿ ਰੋਟੀ ਮੇਰੇ ਪਤੀ ਤਕ ਪਹੁੰਚਦੀ ਵੀ ਸੀ ਜਾਂ ਪੁਲਿਸ ਵਾਲੇ ਹੀ ਖਾ ਜਾਂਦੇ ਸਨ। ਮੈਂ ਪੁਲਿਸ ਵਾਲਿਆਂ ਨੂੰ ਬਹੁਤ ਕਹਿੰਦੀ ਸੀ ਕਿ ਮੈਨੂੰ ਮੇਰੇ ਪਤੀ ਨੂੰ ਮਿਲਣ ਦੀ ਇਜਾਜ਼ਤ ਦਿਤੀ ਜਾਵੇ ਪਰ ਕੋਈ ਵੀ ਮੇਰੀ ਗੱਲ ਨਾ ਸੁਣਦਾ। ਉਹ ਕਹਿੰਦੇ ਸਨ ਕਿ ਸਾਨੂੰ ਆਰਡਰ ਨਹੀਂ ਹੈ। ਮੈਂ 29 ਤਰੀਕ ਤਕ ਜਾਂਦੀ ਰਹੀ ਅਤੇ ਖਾਲੀ ਮੁੜਦੀ ਰਹੀ। ਉਦੋਂ ਸ਼ਾਇਦ ਬਹੁਤ ਕੁੱਟ ਮਾਰ ਕੀਤੀ ਗਈ ਸੀ।’’

ਉਨ੍ਹਾਂ ਦਸਿਆ, ‘‘ਅਸੀਂ ਐਡਵੋਕੇਟ ਗੁਰਮੁੱਖ ਸਿੰਘ ਮਨੌਲੀ ਦੇ ਕੋਲ ਚੰਡੀਗੜ੍ਹ ਚਲੇ ਗਏ। ਐਡਵੋਕੇਟ ਮਨੌਲੀ ਵਲੋਂ ਕੀਤੀ ਕਾਨੂੰਨੀ ਚਾਰਾਜੋਈ ਮਗਰੋਂ ਅਦਾਲਤ ਨੇ ਵਾਰੰਟ ਅਫ਼ਸਰ ਭੇਜ ਦਿਤੇ। ਇਸ ਤੋਂ ਬਾਅਦ ਅਸੀਂ ਅਫ਼ਸਰ ਨਾਲ ਥਾਣੇ ਗਏ, ਉਨ੍ਹਾਂ ਕਿਹਾ ਕਿ ਭਾਈ ਕਾਉਂਕੇ ਸਾਡੇ ਕੋਲ ਨਹੀਂ ਹੈ। ਫਿਰ ਸਟਾਫ ਵਾਲਿਆਂ ਕੋਲ ਗਏ, ਉਹ ਵੀ ਕਹਿੰਦੇ ਸਾਡੇ ਕੋਲ ਨਹੀਂ ਹੈ। 1 ਜਨਵਰੀ ਦੀ ਸ਼ਾਮ ਵੇਲੇ ਜਦੋਂ ਛਾਪਾ ਮਾਰਿਆ ਗਿਆ ਤਾਂ ਅੰਦਰ ਕੋਈ ਨਹੀਂ ਸੀ। ਅਫ਼ਸਰ ਨੇ ਪੁਛਿਆ ਤਾਂ ਉਹ ਮੁਕਰ ਗਏ ਕਿ ਅਸੀਂ ਤਾਂ ਜਥੇਦਾਰ ਕਾਉਂਕੇ ਨੂੰ ਲੈ ਕੇ ਹੀ ਨਹੀਂ ਆਏ।’’ 

ਗੁਰਮੇਲ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਕਲੇਰ ਦੀ ਇਕ ਔਰਤ ਨੇ ਦਸਿਆ ਸੀ ਕਿ ਜਥੇਦਾਰ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਦਸਿਆ, ‘‘ਉਸ ਔਰਤ ਨੇ ਮੈਨੂੰ ਕਿਹਾ ਸੀ ਕਿ ਜਥੇਦਾਰ ਜੀ ਦੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਨੂੰ ਭੁੰਜੇ ਸੁੱਟਿਆ ਹੋਇਆ ਹੈ ਤੇ ਉਨ੍ਹਾਂ ਨੂੰ ਇਕ ਗਦੈਲੇ ਦੀ ਲੋੜ ਹੈ। ਅਸੀਂ ਉਸੇ ਵੇਲੇ ਘਰ ਤੋਂ ਇਕ ਗਦੈਲਾ ਚਾਦਰ ਵਿਚ ਲਪੇਟ ਕੇ ਥਾਣੇ ਫੜਾ ਕੇ ਆਏ ਪਰ ਬਾਅਦ ਵਿਚ ਇਕ ਪੁਲਿਸ ਵਾਲੇ ਨੇ ਉਹੀ ਗਦੈਲਾ ਉਸੇ ਤਰ੍ਹਾਂ ਚਾਦਰ ਵਿਚ ਲਪੇਟਿਆ ਹੋਇਆ ਮੇਰੇ

ਹੱਥਾਂ ਵਿਚ ਧਰ ਦਿਤਾ।’’
ਭਾਈ ਕਾਉਂਕੇ ਨੂੰ ਜੇਲ ਵਿਚ ਦਵਾਈ ਦੇਣ ਵਾਲੇ ਡਾਕਟਰ ਨੇ ਵੀ ਦਸਿਆ ਸੀ ਕਿ ਉਨ੍ਹਾਂ ਦੇ ਹੱਥ-ਪੈਰ ਨੀਲੇ ਹੋਏ ਪਏ ਸਨ। ਉਹ ਤਾਂ ਬੈਠ ਵੀ ਨਹੀਂ ਸਕਦੇ ਸਨ।
ਬੀ.ਪੀ. ਤਿਵਾੜੀ ਦੀ ਜਾਂਚ ਦਾ ਜ਼ਿਕਰ ਕਰਦਿਆਂ ਬੀਬੀ ਗੁਰਮੇਲ ਕੌਰ ਨੇ ਦਸਿਆ ਕਿ ਉਹ ਬਿਆਨ ਦਰਜ ਕਰਨ ਉਨ੍ਹਾਂ ਦੇ ਘਰ ਆਏ ਸਨ। ਇਸ ਦੌਰਾਨ ਭਾਈ ਇਕੱਠ ਹੋਇਆ ਅਤੇ ਹਰ ਵਿਅਕਤੀ ਨੇ ਉਸ ਸਮੇਂ ਦੇ ਹਾਲਾਤ ਦਰਜ ਕਰਵਾਏ ਸਨ ਪਰ ਰੀਪੋਰਟ ਵਿਚ ਕੀ ਲਿਖਿਆ ਗਿਆ ਇਹ ਨਹੀਂ ਦਸਿਆ ਗਿਆ ਸੀ।
ਗੁਰਮੇਲ ਕੌਰ ਨੇ ਦਸਿਆ ਕਿ ਇਸ ਦੌਰਾਨ ਉਨ੍ਹਾਂ ਦੀ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਮੁਲਾਕਾਤ ਹੋਈ ਸੀ।

ਉਨ੍ਹਾਂ ਨੇ ਬੀ.ਪੀ. ਤਿਵਾੜੀ ਦੀ ਜਾਂਚ ਲਈ ਡਿਊਟੀ ਲਗਾਈ ਸੀ ਪਰ ਰੀਪੋਰਟ ਦੱਬ ਕੇ ਰੱਖੀ ਗਈ। ਭਾਈ ਕਾਉਂਕੇ ਦੇ ਧਰਮ ਪਤਨੀ ਨੇ ਕਿਹਾ, ‘‘ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਦੋਸ਼ੀ ਬੁੱਚੜਾਂ ਨੇ ਜੋ ਵੀ ਕੀਤਾ, ਉਹ ਪਤਾ ਲੱਗਣਾ ਚਾਹੀਦਾ ਹੈ।’’ ਉਨ੍ਹਾਂ ਦਸਿਆ ਕਿ ਸਾਡਾ ਕਿਸੇ ਨੇ ਸਾਥ ਨਹੀਂ ਦਿਤਾ, ਜਥੇਬੰਦੀਆਂ ਦੇ ਆਗੂ ਆਉਂਦੇ ਜਾਂਦੇ ਰਹੇ ਪਰ ਕੋਈ ਨਾਲ ਨਹੀਂ ਖੜ੍ਹਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹਿਲੀ ਵਾਰ ਭਾਈ ਕਾਉਂਕੇ ਬਰਸੀ ਮਨਾਏ ਜਾਣ ’ਤੇ ਉਨ੍ਹਾਂ ਕਿਹਾ ਕਿ ਅਸੀਂ ਹਰ ਸਾਲ ਘਰ ਵਿਚ ਬਰਸੀ ਮਨਾਉਂਦੇ ਹਾਂ। 

ਗੁਰਮੇਲ ਕੌਰ ਦਾ ਕਹਿਣਾ ਹੈ, ‘‘ਜੇ ਪਹਿਲੀਆਂ ਸਰਕਾਰਾਂ ਨੇ ਇਨਸਾਫ਼ ਨਹੀਂ ਕੀਤਾ ਤਾਂ ਮੌਜੂਦਾ ਸਰਕਾਰ ਇਨਸਾਫ਼ ਕਾਰਵਾਈ ਕਰੇ। ਕੇਸ ਖੁੱਲ੍ਹਣਾ ਚਾਹੀਦਾ ਹੈ, ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ। ਤਸੀਹੇ ਦੇਣ ਵਾਲਿਆਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ, ਡੀ.ਐੱਸ.ਪੀ. ਗੁਰਮੀਤ ਸਿੰਘ, ਸਵਰਨ ਸਿੰਘ ਘੋਟਣਾ ਸੱਭ ਸ਼ਾਮਲ ਸਨ।’’ ਜ਼ਿਕਰਯੋਗ ਹੈ ਕਿ ਸਵਰਨ ਸਿੰਘ 1992 ਵਿਚ ਪੁਲਿਸ ਜ਼ਿਲਾ ਜਗਰਾਉਂ ਦੇ ਐੱਸ.ਐੱਸ.ਪੀ. ਸਨ।

ਗੁਰਮੇਲ ਕੌਰ ਨੇ ਦਸਿਆ, ‘‘ਜਦੋਂ 4 ਤਰੀਕ ਨੂੰ ਅਖ਼ਬਾਰ ਵਿਚ ਖ਼ਬਰ ਦਿਤੀ ਗਈ ਕਿ ਜਥੇਦਾਰ ਕਾਉਂਕੇ ਭਗੌੜੇ ਹੋ ਗਏ ਤਾਂ ਅਸੀਂ ਸਮਝ ਗਏ ਕਿ ਉਨ੍ਹਾਂ ਨੂੰ ਸ਼ਹੀਦ ਕਰ ਦਿਤਾ ਗਿਆ। ਉਹ ਕੌਮ ਦੇ ਜਥੇਦਾਰ ਸਨ ਨਾ ਕਿ ਭੱਜਣ ਵਾਲਾ ਕੋਈ ਭਗੌੜਾ। ਉਹ ਗੁਰੂ ਦੇ ਆਸ਼ੇ ਮੁਤਾਬਕ ਸਿੱਖ ਹਿੱਤਾਂ ਲਈ ਲੜ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਕੋਹ-ਕੋਹ ਕੇ ਮਾਰਿਆ ਅਤੇ ਬਾਅਦ ਵਿਚ ਉਨ੍ਹਾਂ ਦੇ ਭਗੌੜੇ ਹੋਣ ਦਾ ਡਰਾਮਾ ਰਚ ਦਿਤਾ।’’ ਭਾਈ ਕਾਉਂਕੇ ਦੇ ਧਰਮ ਪਤਨੀ ਨੇ ਦਸਿਆ ਕਿ ਪਿੰਡ ਵਾਸੀਆਂ ਅਤੇ ਸੰਗਤ ਨੇ ਉਨ੍ਹਾਂ ਦਾ ਬਹੁਤ ਸਾਥ ਦਿਤਾ।

ਭਾਈ ਕਾਉਂਕੇ ਦੇ ਬੇਟੇ ਨੂੰ ਵੀ ਲਗਾਇਆ ਸੀ ਕਰੰਟ 
ਗੁਰਮੇਲ ਕੌਰ ਨੇ ਦਸਿਆ ਕਿ ਇਸ ਤੋਂ 3-4 ਸਾਲ ਬਾਅਦ ਉਨ੍ਹਾਂ ਦੇ ਬੱਚਿਆਂ ਨੂੰ ਫੜ ਕੇ ਲੈ ਗਏ। ਪੁਲਿਸ ਕੰਧਾਂ ਟੱਪ ਕੇ ਘਰ ਵਿਚ ਦਾਖਲ ਹੋਈ। 2 ਦਿਨ ਤਕ ਪਤਾ ਹੀ ਨਹੀਂ ਲਗਿਆ ਕਿ ਉਨ੍ਹਾਂ ਨੂੰ ਕਿਥੇ ਲੈ ਕੇ ਗਏ। ਇਸ ਦੌਰਾਨ ਹਰੀ ਸਿੰਘ ਉਤੇ ਕਰੰਟ ਲਗਾ ਕੇ ਤਸ਼ੱਦਦ ਕੀਤਾ ਗਿਆ। ਉਸ ਸਮੇਂ ਉਹ 10ਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਤੋਂ ਲੁਧਿਆਣਾ ਵਿਚ ਬੰਬ ਧਮਾਕੇ ਬਾਰੇ ਪੁੱਛ-ਪੜਤਾਲ ਕੀਤੀ ਗਈ ਪਰ ਉਸ ਦਿਨ ਉਹ ਸਕੂਲ ਵਿਚ ਹਾਜ਼ਰ ਸੀ। ਪੁਲਿਸ ਨੂੰ ਡਰ ਸੀ ਕਿ ਇਹ ਕੇਸ ਲੜਨ ਲਈ ਅੱਗੇ ਵਧਣਗੇ। ਬੀਬੀ ਗੁਰਮੇਲ ਕੌਰ ਨੇ ਕੌਮ ਨੂੰ ਸੁਨੇਹਾ ਦਿਤਾ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਹੀ ਕੌਮ ਨੂੰ ਅਪਣੇ ਜਥੇਦਾਰ ਦਾ ਇਨਸਾਫ਼ ਮਿਲੇਗਾ। 

ਇਨਸਾਫ਼ ਸਾਨੂੰ ਨਹੀਂ, ਸਗੋਂ ਕੌਮ ਨੂੰ ਚਾਹੀਦਾ ਹੈ: ਹਰੀ ਸਿੰਘ
ਹਰੀ ਸਿੰਘ ਦਾ ਕਹਿਣਾ ਹੈ, ‘‘ਮੇਰੇ ਤਾਂ ਉਹ ਪਿਤਾ ਸਨ ਪਰ ਸੱਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਸਿੱਖ ਕੌਮ ਦੇ ਜਥੇਦਾਰ ਸਨ। ਇਸ ਲਈ ਇਨਸਾਫ਼ ਸਾਨੂੰ ਨਹੀਂ, ਸਗੋਂ ਕੌਮ ਨੂੰ ਚਾਹੀਦਾ ਹੈ। ਜਦੋਂ ਮੈਂ ਤੇ ਮੇਰੇ ਭਰਾ ਨੇ ਅਪਣੀ ਮਾਤਾ ਨਾਲ ਮਿਲ ਕੇ ਇਨਸਾਫ ਲੈਣ ਲਈ ਅਪਣੇ ਕਦਮ ਅੱਗੇ ਵਧਾਏ ਤਾਂ ਪੁਲਿਸ ਨੇ ਫੜ ਲਿਆ। ਬਾਅਦ ਵਿਚ ਮੇਰੇ ਭਰਾ ਨੂੰ ਤਾਂ ਛੱਡ ਦਿਤਾ ਗਿਆ ਪਰ ਮੇਰੇ ਉਪਰ ਬੰਬ ਧਮਾਕਾ ਕਰਨ ਦਾ ਕੇਸ ਮੜ੍ਹ ਦਿਤਾ ਗਿਆ।’’ਉਨ੍ਹਾਂ ਇਲਜ਼ਾਮ ਲਗਾਇਆ, ‘‘ਇਸ ਦਾ ਕਾਰਨ ਇਹ ਸੀ ਕਿ ਅਸੀਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਲਈ ਕੋਈ ਕਾਨੂੰਨੀ ਲੜਾਈ ਨਾ ਲੜ ਸਕੀਏ। ਇਹ ਵੱਖਰੀ ਗੱਲ ਹੈ ਕਿ ਬੰਬ ਧਮਾਕੇ ਦੇ ਕੇਸ ਵਿਚ ਮੈਨੂੰ ਬਰੀ ਕਰ ਦਿਤਾ ਗਿਆ ਸੀ।’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement