
ਕੇਂਦਰੀ ਸਰਕਾਰ ਵਲੋਂ ਵਿੱਤੀ ਸਾਲ 2019-2020 ਲਈ ਪੇਸ਼ ਕੀਤੇ ਅੰਤਰਮ ਬਜਟ ਵਿਚ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸੰਸਾਰ ਪੱਧਰ 'ਤੇ ਮਨਾਉਣ ਲਈ....
ਅੰਮ੍ਰਿਤਸਰ : ਕੇਂਦਰੀ ਸਰਕਾਰ ਵਲੋਂ ਵਿੱਤੀ ਸਾਲ 2019-2020 ਲਈ ਪੇਸ਼ ਕੀਤੇ ਅੰਤਰਮ ਬਜਟ ਵਿਚ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸੰਸਾਰ ਪੱਧਰ 'ਤੇ ਮਨਾਉਣ ਲਈ ਲੋੜੀਂਦੇ ਬਜਟ ਦਾ ਜ਼ਿਕਰ ਨਾ ਕਰ ਕੇ ਸਮੁੱਚੇ ਸਿੱਖ ਜਗਤ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਰਾਸ਼ ਕੀਤਾ ਹੈ। ਨਵੰਬਰ ਵਿਚ ਇਹ ਪਾਵਨ ਗੁਰਪੁਰਬ ਆ ਰਿਹਾ ਹੈ ਜਿਸ ਨੂੰ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਣ ਲਈ ਸਮੂਹ ਸਿੱਖ ਸੰਗਤਾਂ ਸਮੇਤ ਗੁਰਧਾਮਾਂ ਅਤੇ ਅਦਾਰਿਆਂ ਨੇ ਤਿਆਰੀਆਂ ਆਰੰਭੀਆਂ ਹੋਈਆਂ ਹਨ, ਪਰ ਕੇਂਦਰੀ ਅਤੇ ਸੂਬਾ ਸਰਕਾਰਾਂ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਤਿਆਰੀ ਢਿੱਲੀ ਅਤੇ ਸੁਸਤ ਹੈ।
ਪਾਕਿਸਤਾਨ ਸਰਕਾਰ ਵਲੋਂ ਜਾਰੀ ਸੂਚਨਾਵਾਂ ਅਨੁਸਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਕੌਮਾਂਤਰੀ ਸਰਹੱਦ ਤਕ ਉਸਾਰੇ ਜਾਣ ਵਾਲੇ ਲਾਂਘੇ ਦਾ ਚਾਲੀ ਫ਼ੀ ਸਦੀ ਕੰਮ ਮੁਕੰਮਲ ਹੋ ਚੁਕਾ ਹੈ, ਪ੍ਰੰਤੂ ਸਾਡੇ ਦੇਸ਼ ਵਿਚ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤਕ ਬਣਾਉਣ ਵਾਲੀ ਚਾਰ ਮਾਰਗੀ ਸੜਕ ਲਈ ਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਦੀ ਕੇਵਲ ਨਿਸ਼ਾਨਦੇਹੀ ਹੀ ਹੋਈ ਹੈ। ਜ਼ਮੀਨ ਦੇ ਮਾਲਕਾਂ ਨੂੰ ਯੋਗ ਮੁਆਵਜ਼ਾ ਦੇਣ ਉਪਰੰਤ ਕਬਜ਼ਾ ਲੈ ਕੇ ਸੜਕ ਦੀ ਉਸਾਰੀ ਲਈ ਵਿਸ਼ੇਸ਼ ਲੋੜੀਂਦਾ ਬਜਟ ਅਤੇ ਪੰਜਾਬ ਸਰਕਾਰ ਵਲੋਂ ਗਠਤ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਵਲੋਂ ਵਿਸ਼ੇਸ਼ ਅਤੇ ਸੁਹਿਰਦ ਤਿਆਰੀ ਦੀ ਜ਼ਰੂਰਤ ਹੈ,
ਜੋ ਅਜੇ ਤਕ ਦ੍ਰਿਸ਼ਟੀ ਗੋਚਰ ਨਹੀਂ ਹੋਈ। 26 ਨਵੰਬਰ 2018 ਨੂੰ ਜਦੋਂ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ ਵਿਖੇ ਚਾਰ ਮਾਰਗੀ ਸੜਕ ਦਾ ਨੀਂਹ ਪੱਥਰ ਰੱਖਿਆ ਸੀ, ਉਸ ਵਕਤ ਕੇਂਦਰੀ ਸੜਕਾਂ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਹ ਮਾਰਗ ਸਾਢੇ ਚਾਰ ਮਹੀਨਿਆਂ ਵਿਚ ਪੂਰਾ ਕਰਨ ਦਾ ਜਨਤਕ ਵਾਅਦਾ ਕੀਤਾ ਸੀ। ਅੰਮ੍ਰਿਤਸਰ ਸਾਹਿਬ ਦੇ ਵਿਕਾਸ ਲਈ ਇਕ ਚੌਥਾਈ ਸਦੀ ਤੋਂ ਵੱਧ ਸਮੇਂ ਲਈ ਯਤਨਸ਼ੀਲ ਗ਼ੈਰਸਰਕਾਰੀ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰ. ਕੁਲਵੰਤ ਸਿੰਘ ਅਣਖੀ ਨੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜ਼ਰੂਰੀ ਬਜਟ ਜਾਰੀ ਕੀਤਾ ਜਾਵੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਇਸ ਪਵਿੱਤਰ ਕਾਰਜ ਲਈ ਯੋਗਦਾਨ ਪਾਉਣ ਲਈ ਕਿਹਾ ਹੈ।