
ਅਫ਼ਗ਼ਾਨਿਸਤਾਨ ਵਿਚ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਦੁਨੀਆਂ ਭਰ ਵਿਚ ਰੋਸ ਪ੍ਰਦਰਸ਼ਨ ਜਾਰੀ ਹਨ.......
ਤਰਨਤਾਰਨ : ਅਫ਼ਗ਼ਾਨਿਸਤਾਨ ਵਿਚ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ ਦੁਨੀਆਂ ਭਰ ਵਿਚ ਰੋਸ ਪ੍ਰਦਰਸ਼ਨ ਜਾਰੀ ਹਨ। ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਵਿਚ ਵੀ ਅਫ਼ਗ਼ਾਨੀ ਸਿੱਖਾਂ 'ਤੇ ਹੋਏ ਹਮਲੇ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਕੀਤੀ। ਅੱਜ ਹੋਏ ਇਸ ਪ੍ਰਦਰਸ਼ਨ ਵਿਚ ਸੈਂਕੜੇ ਸਿੱਖਾਂ ਨੇ ਅਫ਼ਗ਼ਾਨ ਸਿੱਖਾਂ ਦੀ ਸ਼ਹਾਦਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬਿਸ਼ਨ ਸਿੰਘ ਨੇ ਕਿਹਾ ਕਿ ਇਸ ਦੁਖ ਦੀ ਘੜੀ ਵਿਚ ਅਫ਼ਗ਼ਾਨ ਸਿੱਖ ਖ਼ੁਦ ਨੂੰ ਇਕੱਲਾ ਨਾ ਸਮਝਣ।
ਦੁਨੀਆਂ ਭਰ ਦੇ ਸਿੱਖ ਅਪਣੇ ਅਫ਼ਗ਼ਾਨੀ ਭਰਾਵਾਂ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਵੀ ਅਫ਼ਗ਼ਾਨੀ ਸਰਕਾਰ 'ਤੇ ਦਬਾਅ ਬਣਾਵੇ ਕਿ ਉਹ ਉਥੇ ਵਸਦੇ ਘੱਟ ਗਿਣਤੀ ਸਿੱਖਾਂ ਦੀ ਰਾਖੀ ਲਈ ਸਖ਼ਤ ਕਦਮ ਚੁੱਕੇ। ਉਨ੍ਹਾਂ ਅਫ਼ਗ਼ਾਨ ਦੇ ਰਾਸ਼ਟਰਪਤੀ ਜ਼ਨਾਬ ਅਰਸ਼ਦ ਗਨੀ ਕੋਲੋਂ ਮੰਗ ਕੀਤੀ ਕਿ ਉਹ ਇਸ ਹਮਲੇ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਤਾਕਿ ਅਫ਼ਗ਼ਾਨਿਸਤਾਨ ਸਰਕਾਰ ਵਿਚ ਉਥੇ ਵਸਦੇ ਘੱਟ ਗਿਣਤੀ ਸਿੱਖਾਂ ਤੇ ਹਿੰਦੂਆਂ ਦਾ ਭਰੋਸਾ ਬਹਾਲ ਰਹਿ ਸਕੇ।