
ਅਕਾਲੀ ਦੂਜਿਆਂ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਅਪਣਾ ਘਰ ਸਾਂਭਣ: ਰੰਧਾਵਾ
ਬਠਿੰਡਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਦਾ ਵੱਡਾ ਹੱਥ ਹੈ, ਜਿਸ ਕਰਕੇ ਅੱਜ ਅਕਾਲੀ ਦਲ ਨੂੰ ਇਹ ਦੇਖਣੇ ਪੈ ਰਹੇ ਹਨ। ਸ੍ਰੀ ਜਾਖੜ ਅੱਜ ਮੰਡੀ ਕਿਲਿਆਵਾਲੀ 'ਚ 7 ਅਕਤੂਬਰ ਨੂੰ ਕਾਂਗਰਸ ਪਾਰਟੀ ਵਲੋਂ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਸਨ।
ਇਸ ਮੌਕੇ ਉਨ੍ਹਾਂ ਨਾਲ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹਰਪ੍ਰਤਾਪ ਸਿੰਘ ਅਜਨਾਲਾ, ਮੁੱਖ ਮੰਤਰੀ ਦੇ ਓਐਸਡੀ ਸ. ਸੰਦੀਪ ਸੰਧੂ ਅਤੇ ਅੰਕਿਤ ਬਾਂਸਲ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਮੀਤ ਸਿੰਘ ਖੁੱਡੀਆਂ ਵੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਦਾਅਵਾ ਕੀਤਾ ਕਿ ''ਬੇਸ਼ੱਕ ਅਕਾਲੀ ਦਲ ਵਲੋਂ ਸ਼ੁਰੂ 'ਚ ਪੋਲ ਖੋਲ ਰੈਲੀਆਂ ਕਰਨ ਦਾ ਦਾਅਵਾ ਕੀਤਾ ਸੀ ਪ੍ਰੰਤੂ ਮੌਜੂਦਾ ਬਦਲੀਆਂ ਸਥਿਤੀਆਂ 'ਚ ਹੁਣ ਉਨ੍ਹਾਂ ਨੂੰ ਪਟਿਆਲਾ ਰੈਲੀ ਦਾ ਨਾਮ ਪੋਲ ਖੁੱਲ ਗਈ ਰੈਲੀ ਰੱਖ ਲੈਣਾ ਚਾਹੀਦਾ ਹੈ।''
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਣ ਤੋਂ ਲੈ ਕੇ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਤੋਂ ਬਹਿਬਲ ਕਲਾਂ ਵਿਖੇ ਗੋਲੀ ਕਾਂਡ 'ਚ ਹੁਕਮ ਦੇਣ ਬਾਰੇ ਪੁੱਛ ਰਹੇ ਹਨ ਤੇ ਹੁਣ ਇਹੀ ਸਵਾਲ ਟਕਸਾਲੀ ਆਗੂ ਵੀ ਹੁਣ ਪੁੱਛ ਰਹੇ ਹਨ।ਉਨ੍ਹਾਂ ਵਿਅੰਗ ਕਸਦਿਆਂ ਕਿਹਾ ਕਿ ਇਹ ਬੇਹਦ ਅਫਸੋਸ਼ ਦੀ ਗੱਲ ਹੈ ਕਿ ਅੱਜ ਸੁਖਬੀਰ ਸਿੰਘ ਬਾਦਲ ਦੀਆਂ ਕੀਤੀਆਂ ਗਲਤੀਆਂ ਕਾਰਨ 93 ਸਾਲ ਦੀ ਉਮਰ ਵਿਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਵਿਰਧ ਅਵਸਥਾ ਵਿਚ ਆਪਣੀ ਸਾਖ਼ ਬਚਾਉਣ ਲਈ ਰੈਲੀ ਵਿਚ ਲੋਕਾਂ ਨੂੰ ਬੁਲਾਉਣ ਲਈ ਘਰੋਂ ਘਰੀ ਜਾਣਾ ਪੈ ਰਿਹਾ ਹੈ।
ਇਸ ਮੌਕੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਐਤਵਾਰ ਨੂੰ ਲੰਬੀ ਹਲਕੇ ਵਿਚ ਕਿਲਿਆਂ ਵਾਲੀ ਦੀ ਅਨਾਜ ਮੰਡੀ ਵਿਚ ਹੋਣ ਜਾ ਰਹੀ ਇਸ ਰੈਲੀ ਵਿਚ ਪੰਜਾਬ ਭਰ ਤੋਂ 2 ਲੱਖ ਲੋਕ ਸ਼ਿਰਕਤ ਕਰਣਗੇ। ਉਨ੍ਹਾਂ ਰੈਲੀ ਦੀ ਤਿਆਰੀ ਕਰ ਰਹੇ ਪ੍ਰਬੰਧਕਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਦੇ ਕੋਨੇ ਕੋਨੇ ਤੋਂ ਆਉਣ ਵਾਲੇ ਸਾਰੇ ਲੋਕ ਭਾਰੀ ਇੱਕਠ ਦੇ ਬਾਵਜੂਦ ਰੈਲੀ ਵਾਲੇ ਪੰਡਾਲ ਤੱਕ ਸਮੇਂ ਸਿਰ ਪੁੱਜ ਸਕਣ ਅਤੇ ਇਸ ਨਾਲ ਆਮ ਰਾਹਗੀਰਾਂ ਨੂੰ ਕੋਈ ਮੁਸਕਿਲ ਨਾ ਆਵੇ। ਉਨ•ਾਂ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਵਾਲੀ ਹੋਵੇਗੀ।
ਇਸ ਮੌਕੇ ਹਾਜ਼ਰ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਅੱਜ ਅਕਾਲੀ ਦਲ ਵਿਚ ਬਗਾਵਤ ਉਠ ਖੜੀ ਹੋਈ ਹੈ ਤੇ ਟਕਸਾਲੀ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਨਣ ਤੋਂ ਇੰਨਕਾਰ ਕਰ ਦਿੱਤਾ ਹੈ, ਅਜਿਹੇ ਹਾਲਾਤ 'ਚ ਪ੍ਰਕਾਸ਼ ਸਿੰਘ ਬਾਦਲ ਨੂੰ ਘਰ ਬੈਠ ਜਾਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹਰਪ੍ਰਤਾਪ ਸਿੰਘ ਅਜਨਾਲਾ ਤੋਂ ਇਲਾਵਾ ਮੁੱਖ ਮੰਤਰੀ ਦੇ ਓਐਸਡੀ ਸ: ਸੰਦੀਪ ਸੰਧੂ ਆਦਿ ਵੀ ਹਾਜਰ ਸਨ।