
ਬੀਤੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਾਲੀ ਅੱਧੀ ਦਰਜਨ ਕੈਬਨਿਟ ਮੰਤਰੀਆਂ ਅਤੇ ਅੱਧੀ ਦਰਜਨ ਤੋਂ ਜ਼ਿਆਦਾ ਕਾਂਗਰਸੀ..........
ਕੋਟਕਪੂਰਾ : ਬੀਤੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਾਲੀ ਅੱਧੀ ਦਰਜਨ ਕੈਬਨਿਟ ਮੰਤਰੀਆਂ ਅਤੇ ਅੱਧੀ ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕਾਂ ਦੀ ਟੀਮ ਨੂੰ ਬੇਅਦਬੀ ਕਾਂਡ ਦੇ ਉਨ੍ਹਾਂ ਪੀੜਤਾਂ ਨੇ ਮਿਲ ਕੇ ਦਿਲ ਦਾ ਹਾਲ ਸੁਣਾਇਆ, ਜਿਨ੍ਹਾਂ ਦੀ ਨਾ ਤਾਂ ਤਤਕਾਲੀਨ ਬਾਦਲ ਸਰਕਾਰ, ਸ਼੍ਰੋਮਣੀ ਕਮੇਟੀ, ਤਖ਼ਤਾਂ ਦੇ ਜਥੇਦਾਰਾਂ ਜਾਂ ਕਿਸੇ ਹੋਰ ਪੰਥਕ ਜਥੇਬੰਦੀਆਂ ਨੇ ਸਾਰ ਲਈ ਤੇ ਨਾ ਹੀ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਬਿਆਨ ਦਰਜ ਕਰਾਉਣ 'ਚ ਕਾਮਯਾਬ ਹੋ ਸਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਸੰਗਤਪੁਰਾ, ਬੂਟਾ ਸਿੰਘ ਰੋੜੀਕਪੂਰਾ, ਹਰਜਿੰਦਰ ਸਿੰਘ ਗੁਰੂਸਰ, ਆਤਮਾ ਸਿੰਘ ਆਕਲੀਆ ਜਲਾਲ, ਹਰਵਿੰਦਰ ਸਿੰਘ ਬਠਿੰਡਾ, ਕਰਮ ਸਿੰਘ ਕੋਟਲੀ ਅਬਲੂ ਅਤੇ ਜਸਵੰਤ ਸਿੰਘ ਢਿੱਲਵਾਂ ਕਲਾਂ ਨੇ ਦਸਿਆ ਕਿ ਬੇਅਦਬੀ ਕਾਂਡ ਤੋਂ ਬਾਅਦ ਪੁਲਿਸ ਵਲੋਂ ਚਲਾਈ ਗਈ ਗੋਲੀ ਅਤੇ ਢਾਹੇ ਗਏ ਅਤਿਆਚਾਰ ਨੇ ਉਨ੍ਹਾਂ ਦਾ ਸਰੀਰਕ, ਮਾਨਸਕ ਅਤੇ ਆਰਥਕ ਤੌਰ 'ਤੇ ਬਹੁਤ ਨੁਕਸਾਨ ਕਰ ਦਿਤਾ। ਉਨ੍ਹਾਂ ਦਸਿਆ ਕਿ ਉਸ ਸਮੇਂ ਜ਼ਾਲਮ ਹੋ ਚੁਕੀ ਪੁਲਿਸ ਦਾ ਡਰ, ਸਹਿਮ, ਦਹਿਸ਼ਤ ਅਤੇ ਖ਼ੌਫ਼ ਦਾ ਮੰਜ਼ਰ ਅਜਿਹਾ ਸੀ ਕਿ ਕੋਈ ਵੀ ਪੀੜਤ ਅਪਣਾ ਦੁੱਖ ਵੀ ਕਿਸੇ ਨਾਲ ਸਾਂਝਾ ਕਰਨ ਤੋਂ ਡਰਨ ਲੱਗਾ।
ਨੇੜਲੇ ਪਿੰਡ ਢਿੱਲਵਾਂ ਕਲਾਂ ਦੇ ਵਸਨੀਕ ਜਸਵੰਤ ਸਿੰਘ ਨੇ ਦਸਿਆ ਕਿ ਉਹ ਬਹਿਬਲ ਕਲਾਂ ਵਿਖੇ ਲੱਗੇ ਧਰਨੇ 'ਚ ਅਪਣੀ ਦੁਕਾਨ ਢਿੱਲੋਂ ਟੈਂਟ ਹਾਊਸ ਦੇ ਸਮਾਨ ਦੀ ਫਿਟਿੰਗ ਕਰਨ ਲਈ ਗਿਆ ਸੀ ਤੇ ਇਕਦਮ ਸੰਗਤਾਂ 'ਚ ਜਦੋਂ ਗੋਲੀ ਚਲਣ ਨਾਲ ਹੁਲੜਬਾਜ਼ੀ ਮਚ ਗਈ ਤਾਂ ਉਸ ਦੀ ਦੁਕਾਨ ਦਾ ਸਾਰਾ ਟੈਂਟ ਅੱਗ ਦੀ ਲਪੇਟ 'ਚ ਆ ਗਿਆ ਤੇ ਮੇਰਾ ਮੋਟਰਸਾਈਕਲ ਹੀਰੋ ਹਾਂਡਾ ਸੀਡੀ ਡਾਨ ਵੀ ਅੱਗ ਦੀ ਭੇਂਟ ਚਾੜ ਦਿਤਾ ਗਿਆ।
ਉਕਤ ਗੋਲੀਕਾਂਡ ਨਾਲ ਉਸ ਦਾ ਸਾਰਾ ਕਾਰੋਬਾਰ ਠੱਪ ਹੋ ਗਿਆ ਤੇ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ ਹੋਣ ਕਰ ਕੇ ਦੁਕਾਨ ਬੰਦ ਹੋ ਗਈ ਪਰ ਕਿਸੇ ਵੀ ਸਰਕਾਰ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਤੇ ਹੁਣ ਮੈਂ ਬੇਰੁਜਗਾਰ ਹੋ ਗਿਆ ਹਾਂ, ਮੇਰੀ ਕਮਾਈ ਦਾ ਕੋਈ ਸਾਧਨ ਨਹੀਂ ਹੈ। ਸੁਨੀਲ ਜਾਖੜ ਦੀ ਅਗਵਾਈ ਵਾਲੀ ਟੀਮ ਨੇ ਜਸਵੰਤ ਸਿੰਘ ਸਮੇਤ ਸਾਰੇ ਪੀੜਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਵੀ ਮੁਆਵਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।