
ਲੰਡਨ 'ਚ ਭਾਰਤੀ ਦੂਤਘਰ ਸਾਹਮਣੇ ਪ੍ਰਦਰਸ਼ਨ ਕਰਨ ਵਾਲਾ ਖ਼ਾਲਿਸਤਾਨੀ ਸਮਰਥਕ ਗਿ੍ਫ਼ਤਾਰ
ਲੰਡਨ, 5 ਅਕਤੂਬਰ : ਸਕਾਟਲੈਂਡ ਯਾਰਡ (ਲੰਡਨ ਮੈਟਰੋਪੋਲੀਟਨ ਪੁਲਿਸ) ਨੇ ਇਸ ਸਾਲ ਮਾਰਚ ਵਿਚ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਅਤੇ 'ਹਿੰਸਕ ਗੜਬੜ' ਪੈਦਾ ਕਰਨ ਦੇ ਦੋਸ਼ ਵਿਚ ਇਕ ਸ਼ੱਕੀ ਨੂੰ ਗਿ੍ਫ਼ਤਾਰ ਕੀਤਾ ਹੈ | ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ ਇੰਡੀਆ ਹਾਊਸ ਦੇ ਸਾਹਮਣੇ ਪ੍ਰਦਰਸ਼ਨ ਦੌਰਾਨ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦਾ 19 ਮਾਰਚ ਦੇ ਵਿਰੋਧ ਪ੍ਰਦਰਸ਼ਨ ਨਾਲ ਸਬੰਧ ਪਾਇਆ ਗਿਆ ਸੀ ਅਤੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ ਹੈ |
ਸੋਮਵਾਰ ਨੂੰ ਪ੍ਰਦਰਸ਼ਨ ਦੌਰਾਨ ਇਕ ਬਿ੍ਟਿਸ਼ ਸਿੱਖ ਨੂੰ ਪੁਲਿਸ ਅਧਿਕਾਰੀ ਚੁੱਕ ਕੇ ਲੈ ਗਏ | ਪ੍ਰਦਰਸ਼ਨਕਾਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਲੋੜੀਂਦੇ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹਤਿਆ ਵਿਚ ਭਾਰਤ ਦੇ ਸਬੰਧਾਂ ਦੇ ਦਾਅਵੇ 'ਤੇ ਬਿ੍ਟਿਸ਼ ਸਰਕਾਰ ਦੇ ਦਖ਼ਲ ਦੀ ਮੰਗ ਕਰ ਰਹੇ ਸਨ, ਜਦਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ 'ਬੇਬੁਨਿਆਦ ਅਤੇ ਪ੍ਰੇਰਤ' ਕਰਾਰ ਦਿੰਦੇ ਹੋਏ ਰੱਦ ਕਰ ਦਿਤਾ ਹੈ | ਮੈਟਰੋਪੋਲੀਟਨ ਪੁਲਿਸ ਨੇ ਇਕ ਬਿਆਨ ਵਿਚ ਕਿਹਾ,''ਸੋਮਵਾਰ, 2 ਅਕਤੂਬਰ ਨੂੰ ਇਕ ਵਿਅਕਤੀ ਨੂੰ 19 ਮਾਰਚ ਨੂੰ ਉਸੇ ਸਥਾਨ 'ਤੇ ਹਿੰਸਕ ਪ੍ਰਦਰਸ਼ਨ ਦੇ ਦੋਸ਼ ਵਿਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਗਿ੍ਫ਼ਤਾਰ ਕੀਤਾ ਗਿਆ ਸੀ |'' ਇਸ ਦੇ ਮੁਤਾਬਕ,''ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਅਗਲੀ ਜਾਂਚ ਤਕ ਜ਼ਮਾਨਤ ਦੇ ਦਿਤੀ ਗਈ ਹੈ |'' (ਏਜੰਸੀ)