
ਅਸੀ ਜਲਦੀ ਹੀ ਨਾਂਦੇੜ ਤੇ ਆਸ-ਪਾਸ ਪੰਜਾਬੀ ਪੜ੍ਹਾਈ ਲਈ ਉਪਰਾਲੇ ਕਰਾਂਗੇ : ਬੌਬੀ
ਅੰਮ੍ਰਿਤਸਰ : ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਚੇਅਰਮੈਨ ਜਸਵੰਤ ਸਿੰਘ ਬੌਬੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ। ਅੱਜ ਇਸ ਮੁਲਾਕਾਤ ਦੀ ਜਾਣਕਾਰੀ ਦਿੰਦੇ ਹੋਏ ਬੌਬੀ ਨੇ ਦਸਿਆ ਕਿ ਉਨ੍ਹਾਂ ਜਥੇਦਾਰ ਨੂੰ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿਚ ਉਨ੍ਹਾਂ ਦੀ ਸੰਸਥਾ ਵਲੋਂ ਕੈਦੀਆਂ ਦੀ ਭਲਾਈ ਤੇ ਕੈਦੀਆਂ ਨੂੰ ਜੁਰਮ ਦੀ ਦੁਨੀਆਂ ਵਿਚੋਂ ਕਢਣ ਲਈ ਕੀਤੇ ਕੰਮਾਂ ਦੀ ਜਾਣਕਾਰੀ ਦਿਤੀ।
Takhat Sachkhand Sri Hazur Sahib
ਉਨ੍ਹਾਂ ਦਸਿਆ ਕਿ 'ਜਥੇਦਾਰ' ਨੂੰ ਇਹ ਜਾਣ ਕੇ ਬੇਹਦ ਖ਼ੁਸ਼ੀ ਹੋਈ ਹੈ ਕਿ ਪੰਜਾਬੀ ਪ੍ਰਮੋਸ਼ਨ ਕੌਂਸਲ ਵੱਖ ਵੱਖ ਜੇਲਾਂ ਵਿਚ ਬੰਦੀ ਕੈਦੀਆਂ ਦੇ ਧਾਰਮਕ ਦਿਨ ਤੇ ਤਿਉਹਾਰ ਬਿਨਾਂ ਕਿਸੇ ਭੇਦ ਭਾਵ ਦੇ ਮਨਾ ਰਹੀ ਹੈ। 'ਜਥੇਦਾਰ' ਨੇ ਉਨ੍ਹਾਂ ਦੇ ਕੀਤੇ ਕੰਮਾਂ ਦੀ ਭਰਪੂਰ ਸ਼ਬਦਾਂ ਵਿਚ ਸ਼ਲਾਘਾ ਕਰਦਿਆਂ ਕਿਹਾ ਕਿ ਨਾਂਦੇੜ ਵਿਚ ਗੁਰਮੁਖੀ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਕਮੀ ਹੈ। ਇਸ ਲਈ ਜੇਕਰ ਸੰਭਵ ਹੋ ਸਕੇ ਤਾਂ ਸੰਸਥਾ ਨਾਂਦੇੜ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਪੰਜਾਬੀ ਅਧਿਆਪਕਾਂ ਦੀ ਭਾਲ ਕਰੇ ਤੇ ਇਸ ਇਲਾਕੇ ਵਿਚ ਗੁਰਮੁਖੀ ਦੀ ਪੜ੍ਹਾਈ ਦਾ ਕੰਮ ਸ਼ੁਰੂ ਕਰਵਾਏ।
Hazur Sahib Nanded
ਬੌਬੀ ਨੇ ਦਸਿਆ ਕਿ ਉਨ੍ਹਾਂ 'ਜਥੇਦਾਰ' ਦਾ ਹੁਕਮ ਮੰਨਦਿਆਂ ਵਿਸ਼ਵਾਸ ਦਿਵਾਇਆ ਹੈ ਕਿ ਉਹ ਜਲਦ ਹੀ ਨਾਂਦੇੜ ਤੇ ਆਸ-ਪਾਸ ਪੰਜਾਬੀ ਪੜ੍ਹਾਈ ਲਈ ਉਪਰਾਲੇ ਕਰਨਗੇ। ਇਸ ਮੌਕੇ ਉਨ੍ਹਾਂ ਤਿਹਾੜ ਜੇਲ ਦਿੱਲੀ ਦੇ ਕੈਦੀਆਂ ਵਲੋਂ ਬਾਬਾ ਕੁਲਵੰਤ ਸਿੰਘ ਦਾ ਇਕ ਪੈਨਸਿਲ ਸਕੈਚ ਵੀ 'ਜਥੇਦਾਰ' ਨੂੰ ਭੇਂਟ ਕੀਤਾ।