
ਚੋਣਾਂ ’ਚ ‘ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਸਿੱਖਾਂ’ ਨੂੰ ਸ਼ਾਮਲ ਕਰਨ ਦੀ ਅਪੀਲ
ਜਰਮਨੀ : ਗਲੋਬਲ ਸਿੱਖ ਕੌਂਸਲ (ਜੀਐਸਸੀ) , ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਚੋਣਾਂ ਸਬੰਧੀ ਹਾਲ ਹੀ ਵਿੱਚ ਕੀਤੇ ਗਏ ਐਲਾਨਾਂ ਅਤੇ ਇਸ ਮਹੱਤਵਪੂਰਨ ਸਮਾਗਮ ਦੀਆਂ ਤਿਆਰੀਆਂ ਦੀ ਸੁਰੂਆਤ ਦਾ ਨਿੱਘਾ ਸੁਆਗਤ ਕਰਦੀ ਹੈ। ਜੀਐਸਸੀ , ਐਸਜੀਪੀਸੀ ਚੋਣਾਂ ਦੀ ਮਹੱਤਤਾ ਨੂੰ ਪੂਰੀ ਤਰ੍ਹਾਂ ਸਮਝਦੀ ਹੈ ਅਤੇ ਸਿੱਖ ਭਾਈਚਾਰੇ ਲਈ ਇਸ ਦੇ ਡੂੰਘੇ ਅਤੇ ਖਾਸ ਪ੍ਰਭਾਵ ਦੀ ਮਾਨਤਾ ਨੂੰ ਵੀ ਸਵੀਕਾਰ ਕਰਦੀ ਹੈ। ਇਥੇ ਜ਼ਿਕਰਯੋਗ ਹੈ ਕਿ ਪਿਛਲੀਆਂ ਸ੍ਰੋਮਣੀ ਕਮੇਟੀ ਚੋਣਾਂ 2011 ਵਿਚ ਹੋਈਆਂ ਸਨ ਅਤੇ ਸਿੱਖ ਅਪਣੇ ਜਮਹੂਰੀ ਹੱਕਾਂ ਦੀ ਵਰਤੋਂ ਕਰਨ ਲਈ ਇਸ ਮੌਕੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।
ਇਸ ਤੋਂ ਇਲਾਵਾ, ਜੀਐਸਸੀ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੰਦੀ ਹੈ , ਇਹ ਸਭ ਜਣੇ ਹੀ ਗੁਰਦੁਆਰਿਆਂ ਨਾਲ ਡੂੰਘਾ ਸਬੰਧ ਰੱਖਦੇ ਹਨ ਅਤੇ ਭਾਈਚਾਰੇ ਦੇ ਮਾਮਲਿਆਂ ਵਿਚ ਦਿਲੀਂ ਭਾਵਨਾ ਰਖਦੇ ਹਨ। ਇਸ ਲਈ ਜੀਐਸਸੀ ਰਾਜ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਅਤੇ ਚੋਣ ਕਮਿਸ਼ਨ ਨੂੰ ਇਸ ਮਹੱਤਵਪੂਰਨ ਚੋਣ ਪ੍ਰਕਿਰਿਆ ਵਿਚ ਸਿੱਖ ਪ੍ਰਵਾਸੀ ਲੋਕਾਂ ਨੂੰ ਸ਼ਾਮਲ ਕਰਨ ਦੇ ਤਰੀਕਿਆਂ ਦੀ ਖੋਜ ਕਰਨ ਲਈ ਦਿਲੋਂ ਅਪੀਲ ਕਰਦੀ ਹੈ।