Panthak News: ਨਨਕਾਣਾ ਸਾਹਿਬ ਦੇ ਦਰਸ਼ਨ ਲਈ ਲੋੜ ਮੁਤਾਬਕ ਵੀਜ਼ੇ ਨਾ ਮਿਲਣ ਦਾ ਮਾਮਲਾ
Are the Sikhs who went to visit Nankana Sahib the 'agents' of ISI in the eyes of the Delhi Committee?: ਭਾਰਤ ਦੇ ਕਈ ਸਿੱਖਾਂ ਦੇ ਨਨਕਾਣਾ ਸਾਹਿਬ ਲਈ ਵੀਜ਼ੇ ਰੱਦ ਕਰਨਾ, ਪਾਕਿਸਤਾਨ ਸਰਕਾਰ ਦਾ ਮਸਲਾ ਹੈ, ਪਰ ਇਸ ਲਈ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਆਈ ਐਸ ਆਈ ਦਾ ਏਜੰਟ ਗਰਦਾਨ ਕੇ, ਅਪਣੀ ਫ਼ਿਰਕੂ ਤੇ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਕਿਉਂਕਿ ਇਸ ਤਰ੍ਹਾਂ ਨਾਲ ਤਾਂ ਕਾਲਕਾ ਨੇ ਸਰਨਾ ਨੂੂੰ ਨਹੀਂ, ਸਗੋਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਏ ਸਿੱਖਾਂ ਨੂੰ ਵੀ ਆਈ ਐਸ ਆਈ ਦਾ ਏਜੰਟ ਬਣਾ ਦਿਤਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਇਕਾਈ ਦੇ ਸਾਬਕਾ ਜਨਰਲ ਸਕੱਤਰ ਸਰਬਜੀਤ ਸਿੰਘ ਭੂਟਾਨੀ ਨੇ ਕੀਤਾ। ਉਨ੍ਹਾਂ ਕਿਹਾ, “ਮੈਂ ਨਾ ਤਾਂ ਸਰਨਾ ਦਾ ਹਮਾਇਤੀ ਹਾਂ ਅਤੇ ਨਾ ਹੀ ਕਾਲਕਾ ਦਾ ਕਿਉਂਕਿ ਦੋਹਾਂ ਦਾ ਹੀ ਸਿੱਖਾਂ ਵਿਚ ਮਾੜਾ ਅਕਸ ਬਣ ਰਿਹਾ ਹੈ। ਸਰਨਾ ਕਾਲਕਾ ਨੂੰ ‘ਭਾਜਪਾ ਦਾ ਏਜੰਟ’ ਅਤੇ ਕਾਲਕਾ ਸਰਨਾ ਨੂੰ ‘ਆਈ ਐਸ ਆਈ’ ਦਾ ਏਜੰਟ ਗਰਦਾਨ ਰਹੇ ਹਨ, ਇਸ ਤਰ੍ਹਾਂ ਇਹ ਦੋਵੇਂ ਅਪਣਾ ਹੀ ਜਲੂਸ ਕੱਢ ਰਹੇ ਹਨ।
ਪਾਕਿਸਤਾਨ ਦੇ ਗੁਰਦਵਾਰਿਆਂ ਦੇ ਦਰਸ਼ਨਾਂ ਲਈ ਲੋੜ ਮੁਤਾਬਕ ਵੀਜ਼ੇ ਨਾ ਦੇਣਾ ਪਾਕਿਸਤਾਨ ਸਰਕਾਰ ਦਾ ਅਪਣਾ ਮਾਮਲਾ ਹੈ, ਇਸ ਲਈ ਬਤੌਰ ਸਿੱਖ ਮੈਂ ਸਰਨਾ ਨੂੰ ਆਈ ਐਸ ਆਈ ਦਾ ਏਜੰਟ ਕਹਿਣ ਦੇ ਕਾਲਕਾ ਦੇ ਬਿਆਨ ਨੂੰ ਚੰਗਾ ਨਹੀਂ ਸਮਝਦਾ। ਸਰਨਾ ਤੇ ਕਾਲਕਾ ਨੂੰ ਚਾਹੀਦਾ ਹੈ ਕਿ ਜੇ ਉਹ ਕੌਮ ਦੇ ਹੱਕ ਵਿਚ ਕੁੱਝ ਕਰ ਸਕਦੇ ਹਨ ਤਾਂ ਕਰਨ, ਮਾੜੇ ਬਿਆਨ ਦੇ ਕੇ, ਸਿੱਖਾਂ ਵਿਚ ਅਪਣੇ ਸਿਰ ਹੋਰ ਸੁਆਹ ਨਾ ਪੁਆਉਣ।”