
ਭਲਕੇ ਹੋਣ ਜਾ ਰਹੀ ਚੋਣ ਵਿਚ ਹਰਜਿੰਦਰ ਸਿੰਘ ਧਾਮੀ ਦਾ ਤੀਜੀ ਵਾਰ ਐਸਜੀਪੀਸੀ ਪ੍ਰਧਾਨ ਬਣਨਾ ਤੈਅ ਹੈ।
SGPC President Elections: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਉਮੀਦਵਾਰ ਐਲਾਨਿਆ ਹੈ। ਇਸ ਦੇ ਚਲਦਿਆਂ ਭਲਕੇ ਹੋਣ ਜਾ ਰਹੀ ਚੋਣ ਵਿਚ ਹਰਜਿੰਦਰ ਸਿੰਘ ਧਾਮੀ ਦਾ ਤੀਜੀ ਵਾਰ ਐਸਜੀਪੀਸੀ ਪ੍ਰਧਾਨ ਬਣਨਾ ਤੈਅ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਸਦਨ ਵਿਚ ਕੁੱਲ 191 ਮੈਂਬਰ ਹੁੰਦੇ ਹਨ, ਪਰ ਵੋਟ ਦਾ ਹੱਕ 185 ਕੋਲ ਹੁੰਦਾ ਹੈ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਪੰਜਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ (6 ਮੈਂਬਰ) ਕੋਲ ਵੋਟਿੰਗ ਅਧਿਕਾਰ ਨਹੀਂ ਹੁੰਦਾ। 170 ਮੈਂਬਰ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਰਾਜਾਂ ਵਿਚੋਂ ਵੋਟਿੰਗ ਰਾਹੀ ਚੁਣੇ ਜਾਂਦੇ ਹਨ ਹਾਲਾਂਕਿ 15 ਮੈਂਬਰ ਦੇਸ਼ ਭਰ ਵਿਚੋਂ ਨਾਮਜ਼ਦ ਕੀਤੇ ਜਾਂਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਇਸ ਮੌਕੇ ਆਓ ਜਾਣਦੇ ਹਾਂ ਹੁਣ ਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਹੜੇ-ਕਿਹੜੇ ਪ੍ਰਧਾਨ ਰਹੇ। ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਪਹਿਲਾਂ ਸੁੰਦਰ ਸਿੰਘ ਮਜੀਠੀਆ ਪਹਿਲੇ ਪ੍ਰਧਾਨ ਬਣੇ। ਸੁੰਦਰ ਸਿੰਘ ਮਜੀਠੀਆ ਨੇ ਅਕਤੂਬਰ 1920 ਤੋਂ ਅਗਸਤ 2021 ਤਕ ਅਹੁਦਾ ਸੰਭਾਲਿਆ। ਉਨ੍ਹਾਂ ਦੇ ਨਾਲ ਮੀਤ ਪ੍ਰਧਾਨ ਹਰਬੰਸ ਸਿੰਘ ਅਟਾਰੀ ਅਤੇ ਸਕੱਤਰ ਸੁੰਦਰ ਸਿੰਘ ਰਾਮਗੜ੍ਹੀਆ ਨਿਯੁਕਤ ਹੋਏ। ਉਨ੍ਹਾਂ ਤੋਂ ਬਾਅਦ ਅਗਸਤ, 1921 ਨੂੰ ਕਮੇਟੀ ਦੇ ਮੈਂਬਰਾਂ ਦੀ ਨਵੀਂ ਚੋਣ ਵਿਚ ਨਵੇਂ ਪ੍ਰਧਾਨ ਬਾਬਾ ਖੜਕ ਸਿੰਘ ਸਿਆਲਕੋਟ, ਮੀਤ ਪ੍ਰਧਾਨ ਮਹਿਤਾਬ ਸਿੰਘ ਲਾਹੌਰ ਅਤੇ ਸਕੱਤਰ ਸੁੰਦਰ ਸਿੰਘ ਰਾਮਗੜ੍ਹੀਆ ਚੁਣੇ ਗਏ। ਉਨ੍ਹਾਂ ਤੋਂ ਬਾਅਦ ਸੁੰਦਰ ਸਿੰਘ ਰਾਮਗੜੀਆ, ਬਹਾਦਰ ਮਹਿਤਾਬ ਸਿੰਘ ਅਤੇ ਮੰਗਲ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ।
ਹੁਣ ਤਕ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਦੀ ਸੂਚੀ
ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਬਾਅਦ 2 ਅਕਤੂਬਰ 1926 ਨੂੰ ਬਾਬਾ ਖੜਕ ਸਿੰਘ ਮੁੜ ਐਸਜੀਪੀਸੀ ਪ੍ਰਧਾਨ ਬਣੇ ਅਤੇ 1930 ਤਕ ਅਹੁਦੇ ਉਤੇ ਰਹੇ।
ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਬਾਅਦ ਹੁਣ ਤਕ ਰਹੇ ਪ੍ਰਧਾਨਾਂ ਦੀ ਸੂਚੀ ਇਸ ਤਰ੍ਹਾਂ ਹੈ: ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ, ਪ੍ਰਤਾਪ ਸਿੰਘ ਸ਼ੰਕਰ, ਜਥੇਦਾਰ ਮੋਹਨ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਚੰਨਣ ਸਿੰਘ ਉਰਾੜਾ, ਪ੍ਰੀਤਮ ਸਿੰਘ, ਈਸ਼ਰ ਸਿੰਘ, ਹਰਕਿਸ਼ਨ ਸਿੰਘ, ਗਿਆਨ ਸਿੰਘ, ਪ੍ਰੇਮ ਸਿੰਘ ਲਾਲਪੁਰਾ, ਅਜੀਤ ਸਿੰਘ ਬਾਲਾ, ਕਿਰਪਾਲ ਸਿੰਘ ਚੱਕ ਸ਼ੇਰੇਵਾਲ, ਮੋਹਨ ਸਿੰਘ, ਗੁਰਚਰਨ ਸਿੰਘ ਟੌਹੜਾ, ਕਾਬਲ ਸਿੰਘ, ਬਲਦੇਵ ਸਿੰਘ, ਬੀਬੀ ਜਗੀਰ ਕੌਰ, ਜਥੇਦਾਰ ਜਗਦੇਵ ਸਿੰਘ,ਕਿਰਪਾਲ ਸਿੰਘ ਬਡੂੰਗਰ, ਅਲਵਿੰਦਰਪਾਲ ਸਿੰਘ, ਜਥੇਦਾਰ ਅਵਤਾਰ ਸਿੰਘ, ਗੋਬਿੰਦ ਸਿੰਘ ਲੌਂਗੋਵਾਲ, ਹਰਜਿੰਦਰ ਸਿੰਘ ਧਾਮੀ। ਦੱਸ ਦੇਈਏ ਕਿ ਮਾਸਟਰ ਤਾਰਾ ਸਿੰਘ 7 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।
5 ਵਾਰ ਪ੍ਰਧਾਨ ਬਣੇ ਗੁਰਚਰਨ ਸਿੰਘ ਟੌਹੜਾ
ਸਿੱਖ ਸਿਆਸਤ ਅਤੇ ਇਤਿਹਾਸ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਇਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੂੰ ਇਸ ਸੰਸਥਾ ’ਤੇ ਲੰਮਾ ਸਮਾਂ ਪ੍ਰਧਾਨ ਬਣਨ ਦਾ ਮੌਕਾ ਮਿਲਿਆ। ਜਥੇਦਾਰ ਟੌਹੜਾ 6 ਜਨਵਰੀ 1973 ਨੂੰ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ 1986 ਵਿਚ ਸ ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਸਮੇਂ ਦਾ ਕੁੱਝ ਸਮਾਂ ਛੱਡ ਕੇ 1990 ਤਕ ਬਤੌਰ ਪ੍ਰਧਾਨ ਇਸ ਮਹਾਨ ਸੰਸਥਾ ਦੀ ਅਗਵਾਈ ਕਰਦੇ ਰਹੇ। 1990 ਤੋਂ 1991 ਤਕ ਬਲਦੇਵ ਸਿੰਘ ਸਿਬੀਆ ਨੂੰ ਇਸ ਅਹੁਦੇ ਦਾ ਮਾਣ ਮਿਲਿਆ। 1991 ਤੋਂ 1999 ਤਕ ਇਹ ਪ੍ਰਧਾਨਗੀ ਅਹੁਦਾ ਫਿਰ ਜਥੇਦਾਰ ਟੌਹੜਾ ਕੋਲ ਰਿਹਾ।
ਪਹਿਲੀ ਮਹਿਲਾ ਪ੍ਰਧਾਨ ਬੀਬੀ ਜਗੀਰ ਕੌਰ
ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ ਸਨ। ਉਹ ਤਿੰਨ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰ ਚੁੱਕੇ ਹਨ।