Global Sikh Council: ਉਮੀਦ ਕਰਦੇ ਹਾਂ ਕਿ ਤੁਸੀਂ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਲਈ ਜ਼ਰੂਰ ਹੀ ਸ਼ਲਾਘਾਯੋਗ ਫ਼ੈਸਲਾ ਕਰੋਗੇ
Global Sikh Council: ਸਿਧਾਂਤ ਤੋਂ ਥਿੜਕੇ ਅਕਾਲੀ ਆਗੂਆਂ ਨੂੰ ਉਨ੍ਹਾਂ ਵਲੋਂ ਕੀਤੇ ਗ਼ਲਤ ਫ਼ੈਸਲਿਆਂ ਦਾ ਅਹਿਸਾਸ ਕਰਵਾਉਣ ਹਿਤ ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਵਲੋਂ ਸੁਣਾਏ ਗਏ ਇਨਸਾਫ਼ ਪੂਰਵਕ ਫ਼ੈਸਲੇ ਦੀ ਗਲੋਬਲ ਸਿੱਖ ਕੌਂਸਲ ਭਰਪੂਰ ਸ਼ਲਾਘਾ ਕਰਦੀ ਹੈ ਅਤੇ ਤਹਿ ਦਿਲੋਂ ਧਨਵਾਦ ਕਰਦੀ ਹੈ। ਅੱਜ ਇਹ ਗੱਲ ਸਾਰੀ ਦੁਨੀਆਂ ਵਿਚ ਸੱਚ ਹੋ ਨਿਬੜੀ ਹੈ ਕਿ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸ਼ਾਨ ਹੈ, ਮਹਾਨ ਹੈ ਅਤੇ ਇਥੋਂ ਸਿਰਫ਼ ਫ਼ੈਸਲੇ ਹੀ ਨਹੀਂ ਹੁੰਦੇ ਸਗੋਂ ਪਾਰਦਰਸ਼ੀ ਢੰਗ ਨਾਲ ਇਨਸਾਫ਼ ਹੁੰਦਾ ਵੀ ਦਿਖਾਈ ਦਿੰਦਾ ਹੈ।
ਸਿੰਘ ਸਾਹਿਬਾਨਾਂ ਵਲੋਂ ਜਿੱਥੇ ਅਕਾਲੀ ਦਲ ਦੇ ਸੁਖਬੀਰ ਬਾਦਲ ਅਤੇ ਹੋਰਾਂ ਨੂੰ ਤਨਖ਼ਾਹੀਏ ਕਰਾਰ ਦੇ ਕੇ ਤਨਖ਼ਾਹਾਂ ਲਗਾਈਆਂ ਗਈਆਂ ਉਥੇ ਨਾਲ ਹੀ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਕੀਤੇ ਗਏ ਗ਼ਲਤ ਫ਼ੈਸਲਿਆਂ ’ਤੇ ਵੀ ਅਫ਼ਸੋਸ ਜਾਹਰ ਕਰਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਜਾਣ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇਹ ਗੱਲ ਵੀ ਕਹੀ ਗਈ ਹੈ ਕਿ ਪਿਛਲੇ ਰਹਿ ਚੁੱਕੇ ਜਥੇਦਾਰਾਂ ਵਲੋਂ ਕੁਝ ਅਜਿਹੇ ਕੰਮ ਦਬਾਅ ਹੇਠ ਜਾਂ ਹੋਰ ਤਰੀਕਿਆਂ ਨਾਲ ਕੀਤੇ ਗਏ ਹਨ ਜਿਸ ਕਰ ਕੇ ਹੁਣ ਸਾਨੂੰ ਮੌਜੂਦਾ ਜਥੇਦਾਰਾਂ ਨੂੰ ਲੋਕਾਂ ਦੇ ਸੰਗਤਾਂ ਦੀ ਕਚਹਿਰੀ ਵਿਚ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ ਹੈ। ਗਲੋਬਲ ਸਿੱਖ ਕੌਂਸਲ ਮੌਜੂਦਾ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰਦੀ ਹੈ ਕਿ ਜਿੱਥੇ ਤੁਸੀਂ ਪਹਿਲੇ ਰਹਿ ਚੁੱਕੇ ਜਥੇਦਾਰ ਗੁਰਬਚਨ ਸਿੰਘ ਦੀਆਂ ਕੀਤੀਆਂ ਗ਼ਲਤੀਆਂ ਤੇ ਅਫ਼ਸੋਸ ਜਾਹਰ ਕੀਤਾ ਹੈ ਉਥੇ ਹੀ ਉਨ੍ਹਾਂ ਵਲੋਂ ਲਏ ਗਏ ਗ਼ਲਤ ਫ਼ੈਸਲਿਆਂ ਨੂੰ ਵੀ ਵਾਪਸ ਲਿਆ ਜਾਵੇ, ਜੋ ਕਿ ਇਹ ਸਾਬਤ ਹੋ ਚੁੱਕਾ ਹੈ ਕਿ ਉਨ੍ਹਾਂ ਨੇ ਇਹ ਫ਼ੈਸਲੇ ਕਿਸੇ ਦਬਾਅ ਜਾਂ ਹੋਰ ਤਰੀਕਿਆਂ ਨਾਲ ਕੀਤੇ ਹਨ ਜਿਨ੍ਹਾਂ ਵਿਚ 2003 ਨਾਨਕਸ਼ਾਹੀ ਕੈਲੰਡਰ ਦਾ ਰੱਦ ਕੀਤਾ ਜਾਣਾ ਵੀ ਸ਼ਾਮਲ ਹੈ।
ਉਹ ਫ਼ੈਸਲਾ ਵੀ ਵਾਪਸ ਲੈ ਕੇ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਵਾਸਤੇ ਉਪਰਾਲੇ ਕੀਤੇ ਜਾਣ, ਇਹ ਅਸੀਂ ਦੁਨੀਆਂ ਭਰ ਵਿਚ ਵੱਸਦੀਆਂ ਸਿੱਖ ਸੰਗਤਾਂ ਵਲੋਂ ਆਪ ਜੀ ਨੂੰ ਬੇਨਤੀ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਲਈ ਜ਼ਰੂਰ ਹੀ ਸ਼ਲਾਘਾਯੋਗ ਫ਼ੈਸਲਾ ਕਰੋਗੇ ਅਤੇ ਸਿੱਖ ਸੰਗਤਾਂ ਦੀ ਆਪ ਜੀ ’ਤੇ ਰੱਖੀ ਗਈ ਉਮੀਦ ਪੂਰੀ ਕਰੋਗੇ ।