
ਇਕ ਅੰਮ੍ਰਿਤਧਾਰੀ ਸਿੱਖ ਵਕੀਲ ਨੂੰ ਕਿਰਪਾਨ ਸਮੇਤ ਸੁਪਰੀਮ ਕੋਰਟ ਵਿਚ ਜਾਣ ਤੋਂ ਰੋਕਣ ਦੀ ਖ਼ਬਰ ਸਾਹਮਣੇ ਆਈ ਹੈ........
ਨਵੀਂ ਦਿੱਲੀ : ਇਕ ਅੰਮ੍ਰਿਤਧਾਰੀ ਸਿੱਖ ਵਕੀਲ ਨੂੰ ਕਿਰਪਾਨ ਸਮੇਤ ਸੁਪਰੀਮ ਕੋਰਟ ਵਿਚ ਜਾਣ ਤੋਂ ਰੋਕਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਵਕੀਲ ਅੰਮ੍ਰਿਤਪਾਲ ਸਿੰਘ ਨੇ ਭਾਰਤ ਦੇ ਚੀਫ਼ ਜਸਟਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਅੰਮ੍ਰਿਤਪਾਲ ਸਿੰਘ ਨੇ ਦਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਸੁਪਰੀਟ ਕੋਰਟ ਵਿਚ ਵਕਾਲਤ ਦਾ ਅਭਿਆਸ ਕਰ ਰਹੇ ਹਨ। ਬੀਤੇ ਦਿਨ ਪੁਲਿਸ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਕ੍ਰਿਪਾਨ ਅੰਦਰ ਨਾ ਲਿਜਾਣ ਦੀ ਗੱਲ ਕਹੀ। ਵਕੀਲ ਮੁਤਾਬਕ, ਜਿਸ ਨਿਯਮ ਤਹਿਤ ਉਨ੍ਹਾਂ ਨੂੰ ਰੋਕਿਆ ਗਿਆ, ਉਹ ਸਿਰਫ਼ ਹਵਾਈ ਅੱਡਿਆਂ ਉਤੇ ਹੀ ਲਾਗੂ ਹੁੰਦਾ ਹੈ।
ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ ਦੀ ਕ੍ਰਿਪਾਨ 6 ਇੰਚ ਤੋਂ ਜ਼ਿਆਦਾ ਲੰਮੀ ਸੀ ਜਿਸ ਕਰ ਕੇ ਉਨ੍ਹਾਂ ਨੂੰ ਰੋਕਿਆ ਗਿਆ। ਅੰਮ੍ਰਿਤਪਾਲ ਦਾ ਤਰਕ ਹੈ ਕਿ ਦੇਸ਼ ਦੇ ਕਾਨੂੰਨ ਵਿਚ ਕਿਤੇ ਵੀ ਕਿਰਪਾਨ ਦੀ ਲੰਬਾਈ ਬਾਰੇ ਕੁੱਝ ਨਹੀਂ ਲਿਖਿਆ। ਕਿਰਪਾਨ ਧਾਰਨ ਕਰਨ ਦੇ ਸਾਰੇ ਕਾਨੂੰਨੀ ਹੱਕ ਅਤੇ ਇਸ ਨਾਲ ਹੀ ਅਦਾਲਤ ਦਾ ਪਛਾਣ ਪੱਤਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕੋਰਟ ਦੇ ਬਾਹਰਲੇ ਗੇਟ 'ਤੇ ਹੀ ਰੋਕ ਕੇ ਬੇਇੱਜ਼ਤ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਇਸ ਮਾਮਲੇ ਦੀ ਸ਼ਿਕਾਇਤ ਭੇਜੀ ਹੈ ਤੇ ਜਵਾਬ ਦੀ ਉਡੀਕ ਕਰ ਰਹੇ ਹਨ। (ਪੀ.ਟੀ.ਆਈ)