
1984 ਸਿੱਖ ਕਤਲੇਆਮ ਦੀ ਪੜਤਾਲ ਲਈ ਯੂ.ਪੀ. ਸਰਕਾਰ ਵਲੋਂ ਬਣਾਈ ਗਈ 'ਸਿਟ' ਦਾ ਸਵਾਗਤ ਕਰਦਿਆਂ..........
ਫ਼ਤਿਹਗੜ੍ਹ ਸਾਹਿਬ : 1984 ਸਿੱਖ ਕਤਲੇਆਮ ਦੀ ਪੜਤਾਲ ਲਈ ਯੂ.ਪੀ. ਸਰਕਾਰ ਵਲੋਂ ਬਣਾਈ ਗਈ 'ਸਿਟ' ਦਾ ਸਵਾਗਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਭਾਵੇਂ ਇਹ ਫ਼ੈਸਲਾ ਯੂ.ਪੀ. ਸਰਕਾਰ ਵਲੋਂ ਦੇਰ ਨਾਲ ਲਿਆ ਗਿਆ ਹੈ, ਫਿਰ ਵੀ ਸਵਾਗਤ ਯੋਗ ਹੈ। ਉਨ੍ਹਾਂ ਕਿਹਾ ਕਿ ਇਸ ਸਿੱਖ ਕਤਲੇਆਮ ਵਿਚ ਯੂ.ਪੀ. ਦੀਆਂ ਵੱਖ-ਵੱਖ ਥਾਵਾਂ ਤੇ ਤਿੰਨ ਸੌ ਤੋਂ ਵੱਧ ਸਿੰਘ, ਸਿੰਘਣੀਆਂ ਸ਼ਹੀਦ ਕਰ ਦਿਤੀਆਂ ਗਈਆਂ ਸਨ। ਪ੍ਰੋ. ਬਡੂੰਗਰ ਨੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਤੋਂ ਮੰਗ ਕਰਦਿਆਂ ਕਿਹਾ ਕਿ ਸਿੱਖਾਂ ਦੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣੇ
ਗੁਰਦੁਆਰਾ ਸ੍ਰੀ ਗਿਆਨ ਗੋਦੜੀ ਤੋਂ ਵੀ ਨਾਜਾਇਜ਼ ਕਬਜ਼ਾ ਹਟਾ ਕੇ ਖ਼ਾਲਸਾ ਪੰਥ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਇਸੇ ਪ੍ਰਕਾਰ ਪ੍ਰੋ. ਬਡੂੰਗਰ ਨੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਕਮ ਦੇ ਗੁਰਦੁਆਰਾ ਸ੍ਰੀ ਡਾਂਗਮਾਰ ਸਾਹਿਬ ਤੋਂ ਵੀ ਨਾਜਾਇਜ਼ ਕਬਜ਼ੇ ਹਟਾ ਕੇ ਖ਼ਾਲਸਾ ਪੰਥ ਦੇ ਹਵਾਲੇ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਸਵਰਨ ਸਿੰਘ ਚਨਾਰਥਲ, ਮੈਨੇਜਰ ਅਮਰਜੀਤ ਸਿੰਘ, ਗੁਰਮੀਤ ਸਿੰਘ ਧਾਲੀਵਾਲ, ਮਲਕੀਤ ਸਿੰਘ ਮਠਾੜੂ, ਨਰਿੰਦਰ ਸਿੰਘ ਰਸੀਦਪੁਰਾ, ਹਰਨੇਕ ਸਿੰਘ ਬਡਾਲੀ ਆਦਿ ਆਗੂ ਵੀ ਹਾਜ਼ਰ ਸਨ।