
ਸ਼੍ਰੀ ਅਨੰਦਪੁਰ ਸਾਹਿਬ : ਕੈਪਟਨ ਅਮਰਿੰਦਰ ਸਿੰਘ ਵਲੋਂ 1984 ਵੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਏ ਹਮਲੇ ਸਮੇ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਵਾਪਸ ਦੇਣ ਦੀ ਮੰਗ...
ਸ਼੍ਰੀ ਅਨੰਦਪੁਰ ਸਾਹਿਬ : ਕੈਪਟਨ ਅਮਰਿੰਦਰ ਸਿੰਘ ਵਲੋਂ 1984 ਵੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਏ ਹਮਲੇ ਸਮੇ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਵਾਪਸ ਦੇਣ ਦੀ ਮੰਗ ਕੈਪਟਨ ਦਾ ਰਾਜਸੀ ਸਟੰਟ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸਮੇਂ ਕੈਪਟਨ ਨੂੰ ਇਹ ਗੱਲ ਯਾਦ ਕਿਉਂ ਨਹੀ ਆਈ? ਉਨਾਂ ਕਿਹਾ ਸ਼੍ਰੋਮਣੀ ਕਮੇਟੀ ਲੰਮੇ ਸਮੇਂ ਤੋਂ ਇਨਾਂ ਦੁਰਲੱਭ ਵਸਤਾਂ ਦੀ ਮੰਗ ਕਰ ਰਹੀ ਹੈ ਤੇ ਜਦੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਚਖੰਡ ਸ਼੍ਰੀ ਦਰਬਾਰ ਸਾਹਿਬ ਆਏ ਸਨ ਤਾਂ ਲਿਖਤੀ ਤੌਰ ਤੇ ਉਨਾਂ ਨੂੰ ਮੈਮੋਰੰਡਮ ਵੀ ਦਿਤਾ ਗਿਆ ਸੀ।
ਉਨਾਂ ਕਿਹਾ ਕਿ ਕਾਂਗਰਸ ਨੇ ਖੁੱਦ ਹੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਤੇ ਕੌਮ ਦਾ ਭਾਰੀ ਨੁਕਸਾਨ ਕੀਤਾ, ਜਦੋਂ ਕਿ ਹੁਣ ਕੈਪਟਨ ਲੋਕ ਸਭਾ ਚੌਣਾਂ ਵਿਚ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਸੁਆਲ ਦੇ ਜੁਆਬ ਵਿਚ ਉਨਾਂ ਕਿਹਾ ਕਿ ਇਕਬਾਲ ਸਿੰਘ ਖਿਲਾਫ ਲਿਖਤੀ ਮਿਲੀਆਂ ਸ਼ਿਕਾਇਤਾਂ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ:ਹਰਪ੍ਰੀਤ ਸਿੰਘ ਵਲੋਂ ਪੜਤਾਲੀਆ ਕਮੇਟੀ ਬਣਾਈ ਗਈ ਸੀ ਜਿਸਦੀ ਰਿਪੋਰਟ ਤੋਂ ਬਾਅਦ ਜਥੇਦਾਰ ਅਕਾਲ ਤਖਤ ਦੇ ਆਦੇਸ਼ਾਂ ਤੇ ਕਾਰਵਾਈ ਕਰਦਿਆਂ ਗਿ:ਇਕਬਾਲ ਸਿੰਘ ਨੂੰ ਹਟਾਇਆ ਗਿਆ।
ਇਕਬਾਲ ਸਿੰਘ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਹੋਰਾਂ ਤੋਂ ਅਪਣੀ ਜਾਨ ਨੂੰ ਖ਼ਤਰਾ ਦੱਸਣ ਬਾਰੇ ਪੁੱਛਣ ਤੇ ਭਾਈ ਲੋਂਗੋਵਾਲ ਨੇ ਕਿਹਾ ਕਿ ਇਹ ਬੇ-ਬੁਨਿਆਦ ਗੱਲਾਂ ਹਨ ਜੋ ਉਨਾਂ ਨੂੰ ਸ਼ੌਭਾ ਨਹੀ ਦਿੰਦੀਆਂ। ਡੇਰਾ ਮੁਖੀ ਬਾਰੇ ਇਕਬਾਲ ਸਿੰਘ ਵਲੋਂ ਕੀਤੀ ਬਿਆਨਬਾਜੀ ਬਾਰੇ ਉਨਾਂ ਕਿਹਾ ਕਿ ਜੇ ਉਨਾਂ ਨੂੰ ਡੇਰਾ ਮੁਖੀ ਬਾਰੇ ਅਜਿਹੀਆਂ ਗੱਲਾਂ ਦਾ ਪਤਾ ਸੀ ਤਾਂ ਪਹਿਲਾਂ ਕਿਉਂ ਨਹੀ ਬੋਲੇ। ਇਸ ਤੋਂ ਪਹਿਲਾਂ ਉਨਾਂ ਕਿਲਾ ਲੋਹਗੜ ਸਾਹਿਬ ਵਿਖੇ ਹਾਲ ਦਾ ਉਦਘਾਟਨ ਅਤੇ ਮੁਲਾਜਮਾਂ ਦੇ 100 ਕਮਰਿਆਂ ਦੀ ਕਾਰ ਸੇਵਾ ਬਾਬਾ ਸੁਬੇਗ ਸਿੰਘ ਨੂੰ ਦਿਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ:ਸੁਰਿੰਦਰ ਸਿੰਘ, ਦਲਜੀਤ ਸਿੰਘ ਭਿੰਡਰ, ਜਥੇਦਾਰ ਹੀਰਾ ਸਿੰਘ ਗੂੰਬਰ, ਮੈਨੇਜਰ ਜਸਵੀਰ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।