
ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਸੇਵਾਮੁਕਤ ਜੱਜ ਤੋਂ ਜਾਂਚ ਕਰਾਉਣ ਦੀ ਚੁਨੌਤੀ
ਭਾਵੇਂ ਸ਼੍ਰ੍ਰੋਮਣੀ ਕਮੇਟੀ 'ਚ ਭ੍ਰਿਸ਼ਟਾਚਾਰ, ਵਿਤਕਰੇਬਾਜ਼ੀ, ਡਿਕਟੇਟਰਸ਼ਿਪ, ਵਿਰੋਧੀ ਤਾਕਤਾਂ ਦਾ ਪ੍ਰਭਾਵ, ਸਿਆਸੀ ਦਬਦਬਾ, ਸ਼ਰੀਕੇਬਾਜ਼ੀ ਵਰਗੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ ਪਰ ਮੌਜੂਦਾ ਸਮੇਂ 'ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਰਮਿਆਨ 523 ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਬਰਖਾਸਤਗੀ ਨੂੰ ਲੈ ਕੇ ਛਿੜਿਆ ਵਿਵਾਦ ਜਿਥੇ ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਿਹਾ ਹੈ, ਉਥੇ ਪੰਥਕ ਹਲਕਿਆਂ 'ਚ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ ਅਤੇ ਹਰ ਖ਼ੁਸ਼ੀ ਗਮੀ ਦੇ ਸਮਾਗਮਾਂ ਮੌਕੇ ਇਹੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਪਹਿਲਾਂ ਭਾਈ ਲੌਂਗੋਵਾਲ ਨੇ ਪ੍ਰੋ. ਬਡੂੰਗਰ ਦੇ ਪ੍ਰਧਾਨਗੀ ਕਾਰਜਕਾਲ ਸਮੇਂ 523 ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਮੌਕੇ ਬੇਨਿਯਮੀਆਂ ਦੀ ਗੱਲ ਆਖੀ ਪਰ ਪ੍ਰੋ. ਬਡੂੰਗਰ ਨੇ ਲੌਂਗੋਵਾਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਸਾਰੀਆਂ ਨਿਯੁਕਤੀਆਂ ਨਿਯਮਾਂ ਅਨੁਸਾਰ ਬਕਾਇਦਾ ਅਖ਼ਬਾਰਾਂ 'ਚ ਇਸ਼ਤਿਹਾਰ ਜਾਰੀ ਕਰਨ ਤੋਂ ਬਾਅਦ ਕੀਤੀਆਂ ਗਈਆਂ ਸਨ ਪਰ ਲੌਂਗੋਵਾਲ ਉਸ ਨਾਲ ਕੋਈ ਪੁਰਾਣੀ ਕਿੜ ਕੱਢ ਰਹੇ ਹਨ। ਉਕਤ ਮਾਮਲੇ ਦਾ ਦਿਲਚਸਪ ਤੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਬਿਨਾਂ ਦੇਰੀ ਕੀਤਿਆਂ ਬਾਦਲ ਪਰਵਾਰ ਵਲੋਂ ਅਕਸਰ ਅਜਿਹਾ ਵਿਵਾਦ ਬੰਦ ਕਮਰਿਆਂ ਅੰਦਰ ਬੈਠ ਕੇ ਸੁਲਝਾ ਲਿਆ ਜਾਂਦਾ ਹੈ ਪਰ ਪਿਛਲੇ ਕਈ ਦਿਨਾਂ ਤੋਂ ਉਕਤ ਵਿਵਾਦ ਦੇ ਬਾਵਜੂਦ ਬਾਦਲ ਪਰਵਾਰ ਸਮੇਤ ਸ਼੍ਰੋਮਣੀ ਕਮੇਟੀ ਦੇ ਹੋਰ ਅਧਿਕਾਰੀਆਂ ਨੇ ਵੀ ਚੁੱਪੀ ਵੱਟੀ ਹੋਈ ਹੇ। ਸ਼੍ਰੋਮਣੀ ਕਮੇਟੀ ਦਾ ਉਕਤ ਵਿਵਾਦ ਦੁਖਦਾਇਕ ਅਤੇ ਅਫ਼ਸੋਸਨਾਕ ਹੈ ਕਿਉਂਕਿ ਨਿਰਪੱਖ ਪੰਥਕ ਹਲਕੇ ਇਹ ਜਾਣਨਾ ਚਾਹੁੰਦੇ ਹਨ ਕਿ ਉਕਤ ਮਾਮਲੇ 'ਚ ਕਸੂਰਵਾਰ ਪ੍ਰੋ. ਬਡੂੰਗਰ, ਭਾਈ ਲੌਂਗੋਵਾਲ ਹਨ ਜਾਂ 523 ਬਰਖ਼ਾਸਤ ਕੀਤੇ ਗਏ ਮੁਲਾਜ਼ਮ?
Kirpal Singh Badungar
ਇਕ ਪਾਸੇ ਪ੍ਰੋ. ਬਡੂੰਗਰ ਦੇ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਕਾਰਜਕਾਲ ਸਮੇਂ ਓਐਸਡੀ ਬਣੇ ਰਹਿਣ, ਬਾਦਲ ਪਰਵਾਰ ਨਾਲ ਨੇੜਤਾ ਦੀਆਂ ਖ਼ਬਰਾਂ ਨਸ਼ਰ ਹੋ ਰਹੀਆਂ ਹਨ ਤੇ ਦੂਜੇ ਪਾਸੇ ਪ੍ਰੋ. ਬਡੂੰਗਰ 'ਤੇ 523 ਭਰਤੀਆਂ 'ਚ ਕਈ ਰਿਸ਼ਤੇਦਾਰ, ਪੋਤ-ਨੂੰਹ, ਪੋਤ ਨੂੰਹ ਦਾ ਭਰਾ ਨੂੰਹ ਦੀ ਭਰਜਾਈ, ਸਹੁਰੇ ਪਰਵਾਰ ਦੇ ਭਤੀਜੇ ਸ਼ਾਮਲ ਕਰਨ ਦੇ ਦੋਸ਼ ਲੱਗ ਰਹੇ ਹਨ ਪਰ ਦੂਜੇ ਪਾਸੇ ਪ੍ਰੋ. ਬਡੂੰਗਰ ਵਲੋਂ ਬੜਕ ਮਾਰਦਿਆਂ ਬੇਨਿਯਮੀ ਭਰਤੀ ਦੀ ਜਾਂਚ ਕਰਾਉਣ ਦੀ ਚੁਨੌਤੀ ਦਿਤੀ ਜਾ ਰਹੀ ਹੈ ਪਰ ਭਾਈ ਲੌਂਗੋਵਾਲ ਅਜੇ ਤਕ ਬਚਾਅ ਵਾਲਾ ਰੁੱਖ ਅਪਣਾਉਂਦੇ ਵਿਖਾਏ ਦੇ ਰਹੇ ਹਨ। ਅੱਜ ਦੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਅਖ਼ਬਾਰਾਂ ਦੀ ਸੁਰਖੀ ਬਣੀ ਖ਼ਬਰ 'ਚ ਪ੍ਰੋ. ਬਡੂੰਗਰ ਨੇ ਹਮਲਾਵਰ ਰੁੱਖ ਅਪਣਾਉਂਦਿਆਂ ਦੋਸ਼ ਲਾਇਆ ਕਿ ਸੌਦਾ ਸਾਧ ਦੇ ਡੇਰੇ 'ਤੇ ਜਾਣ ਵਾਲਾ, ਈਸਾਈਆਂ ਦੇ ਸਮਾਗਮ 'ਚ ਜਾ ਕੇ ਕੌਮ ਨੂੰ ਢਾਹ ਲਾਉਣ ਅਤੇ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ ਮਰੋੜ ਕੇ ਬੋਲਣ ਵਾਲੇ ਲੌਂਗੋਵਾਲ ਨੂੰ ਅਜਿਹੇ ਦੋਸ਼ ਲਾਉਣੇ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਚੁਨੌਤੀ ਦਿਤੀ ਕਿ ਜਾਂ ਤਾਂ ਇਮਾਰਤਸਾਜ਼ੀ ਤੋਂ ਲੈ ਕੇ ਪਿਛਲੇ ਸਮੇਂ 'ਚ ਹੋਈਆਂ ਨਿਯੁਕਤੀਆਂ ਦੀ ਜਾਂਚ ਵੀ ਕਿਸੇ ਸੇਵਾਮੁਕਤ ਜੱਜ ਤੋਂ ਕਰਵਾਈ ਜਾਵੇ। ਪ੍ਰੋ. ਬਡੂੰਗਰ ਦੀ ਇਸ ਸ਼ਬਦਾਵਲੀ ਨੇ ਪਹਿਲੀ ਵਾਰ ਸਾਰਿਆਂ ਨੂੰ ਹੈਰਾਨ ਕਰ ਦਿਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਭਰਤੀ ਲਈ ਕੋਈ ਨਿਯਮ ਹੀ ਨਹੀਂ ਬਣਾਏ ਗਏ ਤਾਂ ਨਿਯਮ ਛਿੱਕੇ ਟੰਗਣ ਦੀ ਕੋਈ ਤੁੱਕ ਹੀ ਨਹੀਂ ਬਣਦੀ। ਪ੍ਰੋ. ਬਡੂੰਗਰ ਦੀ ਉਕਤ ਟਿਪਣੀ ਸ਼੍ਰੋਮਣੀ ਕਮੇਟੀ 'ਚ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਵਿਤਕਰੇਬਾਜ਼ੀ, ਡਿਕਟੇਟਰਸ਼ਿਪ ਆਦਿ ਦੂਸ਼ਣਬਾਜ਼ੀ ਦੀ ਪੁਸ਼ਟੀ ਕਰਦੀ ਪ੍ਰਤੀਤ ਹੁੰਦੀ ਹੈ। ਪ੍ਰੋ. ਬਡੂੰਗਰ ਅਤੇ ਲੌਂਗੋਵਾਲ ਦਰਮਿਆਨ 523 ਮੁਲਾਜ਼ਮਾਂ ਦੀ ਛਾਂਟੀ ਨੂੰ ਲੈ ਕੇ ਛਿੜੀ ਜੰਗ ਜੇ ਨਾ ਰੁਕੀ ਤਾਂ ਸ਼੍ਰੋਮਣੀ ਕਮੇਟੀ ਅੰਦਰ ਧੁੱਖ ਰਹੀ ਅੱਗ ਕਿਸੇ ਵੀ ਸਮੇਂ ਭਾਂਬੜ ਬਣ ਸਕਦੀ ਹੈ ਜਿਸ ਦਾ ਖਮਿਆਜ਼ਾ ਆਮ ਸਿੱਖ ਸੰਗਤ ਨੂੰ ਭੁਗਤਣਾ ਪਵੇਗਾ।