
ਕਿਹਾ, ਬਾਦਲਾਂ ਨੂੰ ਬੇਅਦਬੀ ਕਾਂਡ ਦੇ ਮੁੱਦੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ
ਕੋਟਕਪੂਰਾ : ਕਿਸੇ ਸਮੇਂ ਬੇਅਦਬੀ ਅਤੇ ਗੋਲੀਕਾਂਡ ਤੋਂ ਪੀੜਤ ਪਰਵਾਰਾਂ ਨੇ ਤਿੰਨ ਜਾਂਚ ਕਮਿਸ਼ਨਾਂ, ਸੀਬੀਆਈ ਅਤੇ ਵਿਸ਼ੇਸ਼ ਜਾਂਚ ਟੀਮਾਂ ਤੋਂ ਇਨਸਾਫ਼ ਦੀ ਆਸ ਦੀ ਬਜਾਇ ਅਦਾਲਤ ਤੋਂ ਇਨਸਾਫ਼ ਮਿਲਣ ਦਾ ਦਾਅਵਾ ਕਰਦਿਆਂ ਨਿਰਾਸ਼ਾ ਪ੍ਰਗਟਾਈ ਸੀ ਪਰ ਫਿਰ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਐਸਆਈਟੀ ਤੋਂ ਇਨਸਾਫ਼ ਦੀ ਆਸ ਬੱਝੀ ਤੇ ਹੁਣ ਚੋਣ ਕਮਿਸ਼ਨ ਵਲੋਂ ਉਕਤ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਬਦਲੀ ਦੇ ਦਿਤੇ ਹੁਕਮਾਂ ਨੇ ਪੀੜਤ ਪਰਵਾਰਾਂ ਨੂੰ ਦੁਖੀ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਦੇ ਪੁਲਿਸੀਆ ਅਤਿਆਚਾਰ ਨਾਲ ਆਏ ਜ਼ਖ਼ਮ ਵੀ ਦੁਬਾਰਾ ਹਰੇ ਕਰ ਦਿਤੇ ਹਨ।
Kunwar vijay pratap singh
ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਨੌਜਵਾਨਾਂ ਦੇ ਮਾਪਿਆਂ ਸਮੇਤ ਪੁਲਿਸੀਆ ਅਤਿਆਚਾਰ ਦੇ ਸ਼ਿਕਾਰ ਅਨੇਕਾਂ ਪੀੜਤਾਂ ਨੇ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਬਦਲੀ ਦਾ ਵਿਰੋਧ ਕਰਦਿਆਂ ਆਖਿਆ ਹੈ ਕਿ ਬਾਦਲ ਦਲ ਲਗਾਤਾਰ 35 ਸਾਲ ਬਲਿਊ ਸਟਾਰ ਅਪ੍ਰੇਸ਼ਨ ਅਤੇ ਨਵੰਬਰ 84 ਦੇ ਸਿੱਖ ਕਤਲੇਆਮ ਦੇ ਮੁੱਦੇ 'ਤੇ ਸਿਆਸੀ ਰੋਟੀਆਂ ਸੇਕਦਾ ਰਿਹਾ ਤੇ ਹੁਣ ਬੇਅਦਬੀ ਕਾਂਡ ਦੇ ਮੁੱਦੇ 'ਤੇ ਬਾਦਲਾਂ ਨੂੰ ਸਿਆਸਤ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
Bargari Kand
ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਸਮੇਤ ਹੋਰ ਪੀੜਤਾਂ ਜਿਵੇਂ ਕਿ ਮੇਵਾ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਜਲਾਲ, ਕਰਮ ਸਿੰਘ ਕੋਟਲੀ ਅਬਲੂ, ਬੂਟਾ ਸਿੰਘ ਰੋੜੀਕਪੂਰਾ, ਆਤਮਾ ਸਿੰਘ ਆਕਲੀਆ ਜਲਾਲ, ਕੇਵਲ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਗੁਰੂਸਰ, ਹਰਵਿੰਦਰ ਸਿੰਘ ਬਠਿੰਡਾ ਅਤੇ ਜਸਵੰਤ ਸਿੰਘ ਢਿੱਲਵਾਂ ਆਦਿ ਨੇ ਵੀ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਬਦਲੀ ਲਈ ਅਕਾਲੀ ਦਲ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਆਖਿਆ ਕਿ ਉਨ੍ਹਾਂ ਨੂੰ ਸਿਰਫ਼ ਆਈ.ਜੀ. ਕੁੰਵਰਵਿਜੈ ਪ੍ਰਤਾਪ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਇਨਸਾਫ਼ ਦੀ ਆਸ ਬੱਝੀ ਸੀ ਤੇ ਉਨ੍ਹਾਂ ਨੂੰ ਅਜਿਹਾ ਚਿਤ ਚੇਤਾ ਵੀ ਨਹੀਂ ਸੀ ਕਿ ਅਕਾਲੀ ਦਲ ਬਾਦਲ ਹੀ ਪੀੜਤਾਂ ਨੂੰ ਮਿਲਣ ਵਾਲੇ ਇਨਸਾਫ਼ 'ਚ ਕੋਈ ਅੜਿੱਕਾ ਪਾ ਸਕਦਾ ਹੈ।