
'ਕੀ ਦੂਰਦਰਸ਼ਨ ਜਾਂ ਰੇਡੀਓ ਗੁਰਬਾਣੀ ਦੇ ਪ੍ਰਸਾਰਣ ਲਈ ਤਿਆਰ ਨੇ?- ਚੀਮਾ
ਚੰਡੀਗੜ੍ਹ: ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਮਗਰੋਂ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ। ਉਹਨਾਂ ਪੁੱਛਿਆ ਕਿ ਕੀ ਦੂਰਦਰਸ਼ਨ ਜਾਂ ਸਰਕਾਰੀ ਰੇਡੀਓ ਗੁਰਬਾਣੀ ਦੇ ਪ੍ਰਸਾਰਣ ਲਈ ਤਿਆਰ ਹਨ ਜਾਂ ਮੁੱਖ ਮੰਤਰੀ ਨੇ ਸਿਰਫ਼ ਐਲਾਨ ਕਰਕੇ ਹੀ ਕੰਮ ਸਾਰ ਦਿੱਤਾ?
ਉਹਨਾਂ ਕਿਹਾ ਕਿ ਮੁੱਖ ਮੰਤਰੀ ਦਾ ਬਿਆਨ ਸੁਣਨ ਲਈ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਪਰ ਇਸ ਤੋਂ ਇੰਝ ਲੱਗਦਾ ਹੈ ਕਿ ਮੁੱਖ ਮੰਤਰੀ ਬਹੁਤ ਸਾਰੇ ਐਲਾਨ ਬਿਨ੍ਹਾਂ ਕਿਸੇ ਤਿਆਰੀ ਤੋਂ ਹੀ ਕਰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸਾਰਣ ਮੰਤਰਾਲਾ ਕੇਂਦਰ ਸਰਕਾਰ ਕੋਲ ਹੈ ਨਾ ਕਿ ਮੁੱਖ ਮੰਤਰੀ ਕੋਲ।
ਉਹਨਾਂ ਕਿਹਾ ਕਿ ਧਰਮ ਯੁੱਧ ਮੋਰਚੇ ਵਿਚ ਸੰਗਤ ਦੀ ਮੰਗ ਰਹੀ ਹੈ ਕਿ ਗੁਰਬਾਣੀ ਦਾ ਦੂਰਦਰਸ਼ਨ ਅਤੇ ਰੇਡੀਓ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇ ਪਰ ਕਾਫੀ ਜੱਦੋ ਜਹਿਦ ਦੇ ਬਾਵਜੂਦ ਅਜਿਹਾ ਨਹੀਂ ਹੋ ਸਕਿਆ। ਸਾਬਕਾ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹਨਾਂ ਨੇ ਕੇਂਦਰ ਸਰਕਾਰ ਨਾਲ ਇਸ ਬਾਰੇ ਗੱਲ ਕੀਤੀ ਹੈ ? ਉਹਨਾਂ ਕਿਹਾ ਕਿ ਸਿਰਫ਼ ਐਲਾਨ ਕਰਨ ਨਾਲ ਕੰਮ ਨਹੀਂ ਸਰਨਾ, ਮੁੱਖ ਮੰਤਰੀ ਨੂੰ ਹੋਮ ਵਰਕ ਕਰਨਾ ਚਾਹੀਦਾ ਹੈ। ਚੀਮਾ ਨੇ ਦੱਸਿਆ ਕਿ ਐਸਜੀਪੀਸੀ ਨੂੰ ਪ੍ਰਾਈਵੇਟ ਚੈਨਲ ਕੋਲ ਮਜਬੂਰੀ ਵਜੋਂ ਜਾਣਾ ਪਿਆ ਕਿਉਂਕਿ ਕਿਸੇ ਵੀ ਸਰਕਾਰ ਨੇ ਸੰਗਤ ਦੀ ਆਵਾਜ਼ ਨੂੰ ਨਹੀਂ ਸੁਣਿਆ।