ਗਿਆਨੀ ਇਕਬਾਲ ਸਿੰਘ ਨੇ ਮੌਕੇ ਦੀ ਹਕੂਮਤ ਨੂੰ ਖ਼ੁਸ਼ ਕਰਨ ਲਈ ਦਿਤਾ ਵਿਵਾਦਤ ਬਿਆਨ
ਫ਼ਤਹਿਗੜ੍ਹ ਸਾਹਿਬ 7 ਅਗੱਸਤ (ਸੁਰਜੀਤ ਸਿੰਘ ਸਾਹੀ) : ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਪੰਥਕ ਅਕਾਲੀ ਲਹਿਰ ਦੁਆਰਾ ਸਥਾਪਤ ਕੀਤੀ ਗਈ ਸੂਬਾ ਕਮੇਟੀ ਵਿਚ ਫ਼ਤਿਹਗੜ੍ਹ ਸਾਹਿਬ ਦੇ ਲਏ ਗਏ ਮੈਂਬਰਾਂ ਦਾ ਵਿਸ਼ੇਸ਼ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅਕਾਲੀ ਦਲ ਵਲੋਂ ਪਿੰਡ ਕਲਿਆਣ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗ਼ਾਇਬ ਹੋ ਜਾਣ 'ਤੇ ਦਿਤੇ ਜਾ ਰਹੇ ਧਰਨੇ ਨੂੰ ਮਹਿਜ਼ ਇਕ ਡਰਾਮਾ ਕਰਾਰ ਦਿਤਾ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਅਕਾਲੀ ਦਲ ਉਦੋਂ ਕਿਥੇ ਸੀ, ਜਦੋਂ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਹੋਈ ਸੀ। ਸਾਬਕਾ ਜਥੇਦਾਰ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਦਿਤੇ ਗਏ ਵਿਵਾਦਿਤ ਬਿਆਨ 'ਤੇ ਬੋਲਦਿਆਂ ਭਾਈ ਰੰਧਾਵਾ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਕੋਲ ਕੋਈ ਢੁਕਵਾਂ ਅਹੁਦਾ ਨਹੀਂ ਹੈ ਇਸ ਲਈ ਉਨ੍ਹਾਂ ਦੇ ਬਿਆਨ ਦਾ ਕੋਈ ਵਜੂਦ ਨਹੀਂ ਹੈ।
ਇਹ ਬਿਆਨ ਗਿਆਨੀ ਇਕਬਾਲ ਸਿੰਘ ਨੇ ਮੌਕੇ ਦੀ ਹਕੂਮਤ ਨੂੰ ਖ਼ੁਸ਼ ਕਰਨ ਲਈ ਦਿਤਾ ਗਿਆ ਹੈ। ਭਾਈ ਰੰਧਾਵਾ ਨੇ ਕਿਹਾ ਕਿ ਜਿਵੇਂ ਕਾਂਗਰਸ '84 ਵਾਲਾ ਖ਼ੂਨੀ ਸਾਕਾ ਸੰਗਤ ਦੇ ਮਨਾਂ ਵਿਚੋਂ ਕਦੇ ਨਹੀਂ ਵਿਸਾਰ ਸਕਦੀ, ਠੀਕ ਉਸੇ ਤਰ੍ਹਾਂ ਅਕਾਲੀ ਦਲ ਸਮੇਂ ਵਾਪਰਿਆ ਬਰਗਾੜੀ ਕਾਂਡ ਸਿੱਖ ਹਿਰਦਿਆਂ ਨੂੰ ਪੰਥ ਦੋਖੀਆਂ ਵਿਰੁਧ ਹਲੂਣਾ ਦਿੰਦਾ ਰਹੇਗਾ। ਇਸ ਮੌਕੇ ਸੰਬੋਧਨ ਕਰਦਿਆਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਵਿਚ ਪੰਥਕ ਅਕਾਲੀ ਲਹਿਰ ਦੀ ਸ਼ੁਰੂਆਤ ਵੇਲੇ ਤੋਂ ਹੀ ਸਰਬਜੀਤ ਸਿੰਘ ਸੁਹਾਗਹੇੜੀ, ਹਰਕੀਰਤ ਸਿੰਘ ਭੜੀ, ਅਮਰੀਕ ਸਿੰਘ ਰੋਮੀ, ਬਾਬਾ ਸਿਮਰਜੋਤ ਸਿੰਘ ਭੜੀ, ਦਰਸ਼ਨ ਸਿੰਘ ਚੀਮਾ ਅਮਲੋਹ, ਗੁਰਮੀਤ ਸਿੰਘ ਰਾਮਪੁਰ, ਪ੍ਰੋਫ਼ੈਸਰ ਧਰਮਜੀਤ ਸਿੰਘ ਜਲਵੇੜਾ, ਲਖਵਿੰਦਰ ਸਿੰਘ ਵਲੋਂ ਬਹੁਤ ਵੱਡੀ ਭੂਮਿਕਾ ਨਿਭਾਈ ਗਈ ਸੀ, ਜਿਸ ਵਿਚ ਇਨ੍ਹਾਂ ਮੈਂਬਰਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਕਮੇਟੀਆਂ ਬਣਾਈਆਂ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਇਕ ਵੱਡੀ ਕਾਨਫ਼ਰੰਸ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ ।ਭਾਈ ਰੰਧਾਵਾ ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਪ੍ਰਧਾਨ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ ਲਗਾਤਾਰ ਪੰਜਾਬ ਪੱਧਰ 'ਤੇ ਅਪਣਾ ਵਿਸਥਾਰ ਕਰ ਰਹੀ ਹੈ।