
Panthak News: ਸੁੱਚਾ ਸਿੰਘ ਲੰਗਾਹ ਅਤੇ ਮਨਪ੍ਰੀਤ ਸਿੰਘ ਬਾਦਲ ਸਮੇਤ 7 ਆਗੂ ਹੋ ਚੁੱਕੇ ਹਨ ਪੇਸ਼
Panthak News: ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ 30 ਅਗੱਸਤ ਨੂੰ ਤਖ਼ਤਾਂ ਦੇ ਜਥੇਦਾਰਾਂ ਵਲੋਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਮੌਕੇ ਸਾਲ 2007 ਤੋਂ 2017 ਤਕ ਦੇ 10 ਸਾਲਾ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਕੈਬਨਿਟ ਮੰਤਰੀ ਰਹੇ ਸਿੱਖ ਆਗੂਆਂ ਨੂੰ ਵੀ 15 ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਦੇਣ ਦੇ ਦਿਤੇ ਆਦੇਸ਼ ਦੇ ਅਗਲੇ ਦਿਨ ਹੀ ਅਰਥਾਤ 31 ਅਗੱਸਤ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਅਪਣੇ ਚਾਰ ਸਾਥੀ ਮੰਤਰੀਆਂ ਕ੍ਰਮਵਾਰ ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਨਾਲ ਸਪੱਸ਼ਟੀਕਰਨ ਦੇ ਦਿਤਾ ਸੀ ਤਾਂ ਉਸ ਵੇਲੇ ਸੋਸ਼ਲ ਮੀਡੀਏ ਰਾਹੀਂ ਇਹ ਪੜ੍ਹਨ ਸੁਣਨ ਨੂੰ ਮਿਲਿਆ ਕਿ ਬਿਕਰਮ ਸਿੰਘ ਮਜੀਠੀਆ, ਜਨਮੇਜਾ ਸਿੰਘ ਸੇਖੋਂ, ਹੀਰਾ ਸਿੰਘ ਗਾਬੜੀਆ, ਡਾ. ਉਪਿੰਦਰਜੀਤ ਕੌਰ, ਸਰਵਣ ਸਿੰਘ ਫ਼ਿਲੋਰ, ਸੋਹਣ ਸਿੰਘ ਠੰਡਲ ਆਦਿ ਬਾਦਲ ਦਲ ਨਾਲ ਹੋਣ ਦੇ ਬਾਵਜੂਦ ਵੀ ਗ਼ੈਰ ਹਾਜ਼ਰ ਕਿਉਂ ਰਹੇ? ਹੁਣ ਬਿਕਰਮ ਸਿੰਘ ਮਜੀਠੀਆ ਵਲੋਂ ਸਪੱਸ਼ਟੀਕਰਨ ਦੇਣ ਤੋਂ ਬਾਅਦ ਜਿਥੇ ਬਾਦਲ ਦਲ ਦੇ ਉਪਰੋਕਤ ਸਾਬਕਾ ਮੰਤਰੀਆਂ ਦੇ ਸਪੱਸ਼ਟੀਕਰਨ ਦੀ ਉਡੀਕ ਕੀਤੀ ਜਾ ਰਹੀ ਹੈ, ਉਥੇ ਬਾਦਲ ਦਲ ਤੋਂ ਨਰਾਜ਼ ਧੜੇ ਦਾ ਵੀ ਅਜੇ ਤਕ ਕੋਈ ਮੈਂਬਰ ਸਪੱਸ਼ਟੀਕਰਨ ਦੇਣ ਲਈ ਨਹੀਂ ਪੁੱਜਾ।
ਪੰਥਕ ਹਲਕੇ ਉਕਤ ਵਰਤਾਰੇ ਨੂੰ ਕਈ ਪੱਖਾਂ ਤੋਂ ਵਾਚ ਰਹੇ ਹਨ ਕਿਉਂਕਿ ਅਜੇ ਤਕ ਕਿਸੇ ਨੇ ਵੀ ਇਹ ਨਹੀਂ ਆਖਿਆ ਕਿ ਮੈਂ ਕਸੂਰਵਾਰ ਨਹੀਂ, ਮੈਨੂੰ ਵਿਸ਼ਵਾਸ ਵਿਚ ਲਏ ਤੋਂ ਬਿਨਾਂ ਹੀ ਕਈ ਫ਼ੈਸਲੇ ਲਏ ਗਏ ਜਾਂ ਸਾਰੇ ਵਰਤਾਰੇ ਲਈ ਕਸੂਰਵਾਰ ਸਿਰਫ਼ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪ੍ਰਵਾਰ ਹੈ, ਇਸ ਬਾਰੇ ਅਜੇ ਲਿਖਤੀ ਜਾਂ ਜੁਬਾਨੀ ਤੌਰ ’ਤੇ ਕਿਸੇ ਨੇ ਵੀ ਨਹੀਂ ਆਖਿਆ ਪਰ ਫਿਰ ਵੀ ਪੰਥਕ ਹਲਕੇ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਦੇ ਸਪੱਸ਼ਟੀਕਰਨ ਦੀ ਉਡੀਕ ਕਰ ਰਹੇ ਹਨ। ਬਿਨਾਂ ਸ਼ੱਕ ਬਾਕੀ ਰਹਿੰਦੇ ਅਕਾਲੀ ਆਗੂਆਂ ਕੋਲ ਸਪੱਸ਼ਟੀਕਰਨ ਦੇਣ ਦਾ ਸਿਰਫ਼ 6 ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ।