
Guru Nanak viah purab 2024: ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ
Guru Nanak viah purab 2024 : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਸਮਾਗਮ ਸਬੰਧੀ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦੀ ਵੱਡੀ ਗਿਣਤੀ ’ਚ ਆਮਦ ਹੋਣੀ ਸ਼ੁਰੂ ਹੋ ਗਈ ਹੈ ਤੇ ਕੱਲ੍ਹ ਸਵੇਰ ਤੋਂ ਹੀ ਸੰਗਤਾਂ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਈਆਂ ਅਤੇ ਇਸ ਨਾਲ ਹੀ ਸੰਗਤਾਂ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਜਿਥੇ ਗੁਰੂ ਨਾਨਕ ਦੇਵ ਜੀ ਮੋਦੀ ਖ਼ਾਨੇ ਵਿਚੋਂ ਤੇਰਾ ਤੇਰਾ ਕਹਿ ਕੇ ਗ਼ਰੀਬਾਂ ਦੀਆਂ ਝੋਲੀਆਂ ਰਸਦ ਨਾਲ ਭਰਦੇ ਸਨ ਦੇ ਦਰਸ਼ਨ ਕੀਤੇ ਗਏ ਅਤੇ ਇਸ ਅਸਥਾਨ ’ਤੇ ਉਸ ਸਮੇਂ ਦੇ ਮੌਜੂਦ ਪਵਿੱਤਰ ਵੱਟਿਆਂ ਦੇ ਵੀ ਦਰਸ਼ਨ ਕੀਤੇ।
ਇਸ ਤੋਂ ਇਲਾਵਾ ਗੁਰਦੁਆਰਾ ਸੰਤ ਘਾਟ, ਗੁਰਦੁਆਰਾ ਸਿਹਰਾ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਕਾ ਬਾਗ਼ ਸਾਹਿਬ, ਗੁਰਦੁਆਰਾ ਸ੍ਰੀ ਅੰਤਰਯਾਤਮਤਾ ਸਾਹਿਬ ਅਤੇ ਹੋਰ ਧਾਰਮਕ ਸਥਾਨਾਂ ’ਤੇ ਵੀ ਸੰਗਤਾਂ ਨੂੰ ਭਾਰੀ ਭੀੜ ਦੇਖਣ ਨੂੰ ਮਿਲੀ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਲੰਬੇ ਅਰਸੇ ਤੋਂ ਹਰ ਸਾਲ ਅਲੋਕਿਕ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਕਿ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਵਾਇਆ ਬਾਬਾ ਬਕਾਲਾ ਸਾਹਿਬ ਤੋਂ ਰਾਤ ਨੂੰ ਗੁਰਦੁਆਰਾ ਸਤਿ ਕਰਤਾਰੀਆ ਵਿਖੇ ਵਿਸ਼ਰਾਮ ਹੁੰਦਾ ਹੈ ਅਤੇ ਵਿਆਹ ਪੁਰਬ ਵਾਲੇ ਦਿਨ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਹੈ ਜੋ ਕਿ ਸਾਰਾ ਦਿਨ ਬਟਾਲਾ ਦੇ ਵੱਖ ਵੱਖ ਇਲਾਕਿਆਂ ਵਿਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਵਿਖੇ ਜਾ ਕੇ ਸਮਾਪਤ ਹੁੰਦਾ ਹੈ ਅਤੇ ਅਖ਼ੀਰ ਇਸ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਡੇਹਰਾ ਵਿਖੇ ਸਮਾਪਤ ਹੁੰਦੀ ਹੈ।