
ਮੀਟ, ਸ਼ਰਾਬ, ਤਮਾਕੂ, ਮੱਛੀ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ
ਕਪੂਰਥਲਾ : ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਜੋ ਸੰਸਾਰ ਭਰ ਦੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ 'ਤੇ ਮਨਾ ਰਹੀਆਂ ਹਨ। ਇਸ ਅਸਥਾਨ ਉਪਰ ਦੁਨੀਆਂ ਭਰ ਦੇ ਸਭ ਧਰਮਾਂ ਦੇ ਪ੍ਰਾਣੀ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ।
Sultanpur Lodhi Gurudwara
ਇਸ ਕਰਕੇ ਰੂਹਾਨੀਅਤ ਭਰੇ ਮਾਹੌਲ ਨੂੰ ਹਮੇਸ਼ਾਂ ਲਈ ਕਾਇਮ ਰੱਖਣ ਵਾਸਤੇ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਸਦਾ ਲਈ ਦੇਣ ਦੀ ਮੰਗ ਕਰਦਿਆਂ ਮਾਤਾ ਕੌਲਾ ਜੀ ਭਲਾਈ ਕੇਂਦਰ ਇਕਾਈ ਕਪੂਰਥਲਾ ਦੇ ਮੁੱਖ ਸੇਵਾਦਾਰ ਬਾਬਾ ਸਾਧੂ ਸਿੰਘ, ਸ੍ਰੀ ਗੁਰੂ ਸਿੰਘ ਸਭਾਵਾਂ ਦੇ ਜਨਰਲ ਸਕੱਤਰ ਹਰਜੀਤ ਸਿੰਘ ਭਾਟੀਆ, ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਵੀ ਸਰਕਾਰ ਦੇ ਅਧਿਕਾਰ ਖੇਤਰ ਵਿਚ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਅਧਿਕਾਰ ਹੈ ਉਹ ਗੁਰੂ ਜੀ ਪ੍ਰਤੀ ਸਮਰਪਿਤ ਹੁੰਦਿਆਂ ਹੋਇਆਂ 5-7 ਕਿਲੋਮੀਟਰ ਤਕ ਦੀ ਹਦੂਦ ਤਕ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਬਣਾਇਆ ਜਾਵੇ।
Sultanpur Lodhi Gurudwara
ਮੀਟ, ਸ਼ਰਾਬ, ਤਮਾਕੂ, ਮੱਛੀ ਦੀਆਂ ਦੁਕਾਨਾਂ ਬਾਹਰ ਕੱਢ ਦਿਤੀਆਂ ਜਾਣ ਜਿਥੇ ਗੁਰੂ ਜੀ ਨੇ ਸੜਦੇ ਬਲਦੇ ਸੰਸਾਰ ਦੇ ਲੋਕਾਂ ਨੂੰ ਠਾਰਨ ਲਈ ਪੂਰਾ ਜੀਵਨ ਸੰਸਾਰ ਦੇ ਕਈ ਦੇਸ਼ਾਂ ਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਜਾ ਕੇ ਵਹਿਮਾਂ ਭਰਮਾਂ ਦੇ ਹਨ੍ਹੇਰੇ ਵਿਚੋਂ ਕੱਢ ਅਕਾਲ ਪੁਰਖ ਨਾਲ ਜੋੜਿਆ। ਇਸ ਤੋਂ ਇਲਾਵਾ ਧਾਰਮਕ ਆਗੂਆਂ ਜਥੇਦਾਰ ਜਸਵਿੰਦਰ ਸਿੰਘ ਬੱਤਰਾ, ਜਥੇਦਾਰ ਰਛਪਾਲ ਸਿੰਘ, ਦਵਿੰਦਰ ਸਿੰਘ ਦੇਵ, ਬਰਜਿੰਦਰ ਸਿੰਘ, ਸਵਰਨ ਸਿੰਘ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਜਸਬੀਰ ਸਿੰਘ ਰਾਣਾ, ਸੁਖਜੀਤ ਸਿੰਘ ਵਾਲੀਆ, ਸੁਰਜੀਤ ਸਿੰਘ ਸਡਾਨਾ ਆਦਿ ਨੇ ਉਕਤ ਮੰਗ ਦਾ ਪੁਰਜ਼ੋਰ ਸਮਰਥਨ ਕੀਤਾ। ਇਸ ਮੌਕੇ ਧਾਰਮਕ ਆਗੂ ਹਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਦੇਸ਼ ਵਿਚ ਹੋਰ ਧਾਰਮਕ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿਤਾ ਹੈ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿਤਾ ਜਾਵੇ।