
ਸੁਖਬੀਰ ਸਿੰਘ ਬਾਦਲ ਨੇ ਉਤਸ਼ਾਹ ਵਿਚ ਆਏ ਲੋਕਾਂ ਦੀ ਨਾਹਰੇਬਾਜ਼ੀ ਵਿਚ ਕਿਹਾ ਕਿ ਅਕਾਲੀ ਦਲ 10 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਉ ਕਰੇਗਾ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਰਾਵੀ-ਬਿਆਸ ਦਰਿਆ ਦਾ ਪਾਣੀ ਸਤਲੁਜ ਯਮੁਨਾ ਲਿੰਕ ਨਹਿਰ (ਐਸ ਵਾਈ ਐਲ) ਰਾਹੀਂ ਹਰਿਆਣਾ ਲਿਜਾਣ ਵਾਸਤੇ ਕਿਸੇ ਵੀ ਤਰੀਕੇ ਦਾ ਸਰਵੇਖਣ ਕੇਂਦਰੀ ਟੀਮਾਂ ਨੂੰ ਨਾ ਕਰਨ ਦੇਣ। ਇਤਿਹਾਸਕ ਪਿੰਡ ਕਪੂਰੀ ਜੋ ਅਕਾਲੀ ਦਲ ਵਲੋਂ ਐਸ ਵਾਈ ਐਲ ਦੀ ਉਸਾਰੀ ਦੇ ਵਿਰੋਧ ਵਿਚ ‘ਧਰਮ ਯੁੱਧ ਮੋਰਚੇ’ ਦੀ ਸ਼ੁਰੂਆਤ ਦਾ ਕੇਂਦਰ ਹੈ, ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਪਾਣੀ ਦੀ ਇਕ ਵੀ ਬੂੰਦ ਹਰਿਆਣਾ ਨੂੰ ਨਹੀਂ ਜਾਣ ਦੇਵੇਗੀ ਭਾਵੇਂ ਜੋ ਮਰਜ਼ੀ ਹੋ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਸੁਪਰੀਮ ਕੋਰਟ ਦਾ ਕੋਈ ਹੁਕਮ ਹੋਵੇ ਜਾਂ ਫਿਰ ਪ੍ਰਧਾਨ ਮੰਤਰੀ ਵਲੋਂ ਫ਼ੌਜ ਭੇਜ ਕੇ ਹਰਿਆਣਾ ਲਈ ਪਾਣੀ ਲੈਣ ਦਾ ਮਾਮਲਾ ਹੋਵੇ, ਅਸੀਂ ਇਸ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿਆਂਗੇ।
ਸੁਖਬੀਰ ਸਿੰਘ ਬਾਦਲ ਨੇ ਉਤਸ਼ਾਹ ਵਿਚ ਆਏ ਲੋਕਾਂ ਦੀ ਨਾਹਰੇਬਾਜ਼ੀ ਵਿਚ ਕਿਹਾ ਕਿ ਅਕਾਲੀ ਦਲ 10 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਉ ਕਰੇਗਾ ਤੇ ਪਾਰਟੀ ਦੇ ਹਲਕਾ ਇੰਚਾਰਜਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਤੇ ਯੂਥ ਅਕਾਲੀ ਦਲ ਦੇ ਵਾਲੰਟੀਅਰਜ਼ ਸਮੇਤ ਪਾਰਟੀ ਦੇ ਸੀਨੀਅਰ ਆਗੂ ਇਸ ਘਿਰਾਉ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਪਹਿਲਾਂ ਪਾਰਟੀ ਦਫ਼ਤਰ ਵਿਖੇ ਇਕੱਤਰ ਹੋਵੇਗੀ ਤੇ ਫਿਰ ਮੁੱਖ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਉਸ ਵੇਲੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰ ਰਹੀ ਹੈ ਜਦੋਂ ਉਹ ਐਸ ਵਾਈ ਐਲ ਦੇ ਹਿਤ ਵੇਚਣ ਦੇ ਮਾਮਲੇ ਵਿਚ ਸੱਭ ਤੋਂ ਵੱਡੇ ਦਸ਼ੀ ਹਨ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਜਾਣ ਬੁੱਝ ਕੇ ਸੁਪਰੀਮ ਕੋਰਟ ਵਿਚ ਐਸ ਵਾਈ ਐਲ ਕੇਸ ਦੀ ਸੁਣਵਾਈ ਵੇਲੇ ਨਹਿਰ ਬਣਾਉਣ ਲਈ ਸਹਿਮਤੀ ਦਿਤੀ ਤੇ ਕਿਹਾ ਕਿ ਉਸ ’ਤੇ ਵਿਰੋਧੀ ਪਾਰਟੀਆਂ ਦਾ ਦਬਾਅ ਹੈ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨਾਂ ਦੀ ਜ਼ਮੀਨ ਵਾਪਸ ਕਰਨ ਕਾਰਨ ਜ਼ਮੀਨ ਵਾਪਸ ਐਕਵਾਇਰ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਹਨ। ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਤੇ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਵਿਸਥਾਰ ਵਿਚ ਗੱਲ ਕੀਤੀ ਕਿ ਕਿਵੇਂ ਆਮ ਆਦਮੀ ਪਾਰਟੀ ਕਾਂਗਰਸ ਦੇ ਰਾਹ ’ਤੇ ਚਲ ਰਹੀ ਹੈ ਤੇ ਪੰਜਾਬ ਦੇ ਹਿਤਾਂ ਵਿਰੁਧ ਤੇ ਹਰਿਆਣਾ ਤੇ ਰਾਜਸਥਾਨ ਦੇ ਹੱਕ ਵਿਚ ਕੰਮ ਕਰ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਵੀ ਸੰਬੋਧਨ ਕੀਤਾ।