
ਅੰਮ੍ਰਿਤਧਾਰੀ ਸਿੱਖ ਵਕੀਲ ਅੰਮ੍ਰਿਤਪਾਲ ਸਿੰਘ ਨੂੰ ਕ੍ਰਿਪਾਨ ਪਾ ਕੇ, ਸੁਪਰੀਮ ਕੋਰਟ ਅੰਦਰ ਦਾਖ਼ਲ ਹੋਣ ਤੋਂ ਰੋਕ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਦਿੱਲੀ ਸਿੱਖ.....
ਨਵੀਂ ਦਿੱਲੀ : ਅੰਮ੍ਰਿਤਧਾਰੀ ਸਿੱਖ ਵਕੀਲ ਅੰਮ੍ਰਿਤਪਾਲ ਸਿੰਘ ਨੂੰ ਕ੍ਰਿਪਾਨ ਪਾ ਕੇ, ਸੁਪਰੀਮ ਕੋਰਟ ਅੰਦਰ ਦਾਖ਼ਲ ਹੋਣ ਤੋਂ ਰੋਕ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਘੱਟੋ- ਘੱਟ ਆਪਣੇ ਮੁਲਕ ਵਿਚ ਇਹ ਯਕੀਨੀ ਬਣਾਉਣ ਕਿ ਕ੍ਰਿਪਾਨ ਪਾਉਣ ਦੇ ਸਿੱਖਾਂ ਦੇ ਸੰਵਿਧਾਨਕ ਹੱਕਾਂ ਨੂੰ ਨਾ ਖੋਹਿਆ ਜਾਵੇ। ਇਹ ਸਿੱਖਾਂ ਦੇ ਧਾਰਮਕ ਚਿਨ੍ਹ ਹਨ ਜਿਸ ਬਾਰੇ ਵਿਤਕਰਾ ਨਹੀਂ ਹੋਣਾ ਚਾਹੀਦਾ।
ਉਨਾਂ੍ਹ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿਚ ਹਰੇਕ ਨੂੰ ਬਰਾਬਰ ਦੀ ਧਾਰਮਕ ਆਜ਼ਾਦੀ ਹੈ, ਪਰ ਅੰਮ੍ਰਿਧਾਰੀ ਵਕੀਲ ਅੰਮ੍ਰਿਤਪਾਲ ਸਿੰਘ ਨੂੰ ਸਰਬਉੱਚ ਅਦਾਲਤ ਵਿਚ ਕ੍ਰਿਪਾਨ ਪਾ ਕੇ, ਜਾਣ ਤੋਂ ਇਹ ਆਖ ਕੇ, ਰੋਕ ਦੇਣਾ ਕਿ ਕ੍ਰਿਪਾਨ 6 ਇੰਚ ਤੋਂ ਵੱਡੀ ਹੈ। ਇਹ ਸਰਾਸਰ ਧਾਰਮਕ ਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਹੈ। ਸਿੱਖ ਰਹਿਤ ਮਰਿਆਦਾ ਮੁਤਾਬਕ ਕ੍ਰਿਪਾਨ ਧਾਰਮਕ ਚਿਨ੍ਹ ਹੈ। ਭਾਰਤ ਦੇ ਸੰਵਿਧਾਨ ਵਿਚ ਕ੍ਰਿਪਾਨ ਲਈ ਕੋਈ ਹੱਦ ਨਹੀਂ ਮਿੱਥੀ ਗਈ ਤੇ ਕ੍ਰਿਪਾਨ ਦੀ ਹੱਦ ਨੂੰ ਬਹਾਨਾ ਬਣਾ ਕੇ, ਵਕੀਲ ਨੂੰ ਅਦਾਲਤੀ ਕੰਪਲੈਕਸ ਵਿਚ ਦਾਖਲ ਹੋਣ ਤੋਂ ਰੋਕਣਾ ਅਫ਼ਸੋਸਨਾਕ ਹੈ। ਸ.ਸਿਰਸਾ ਨੇ ਕਿਹਾ,
“ਜਦੋਂ ਭਾਰਤ ਦੇ ਸਿੱਖ ਵੱਖ-ਵੱਖ ਮੁਲਕਾਂ ਦੇ ਸਿੱਖਾਂ ਨੂੰ ਦਰਪੇਸ਼ ਅਜਿਹੇ ਮਸਲਿਆਂ ਨਾਲ ਨਜਿੱਠਦੇ ਹਨ, ਤਾਂ ਆਪਣੇ ਮੁਲਕ ਭਾਰਤ ਵਿਚ ਅਜਿਹੇ ਮਾਮਲੇ ਵਾਪਰਨ ਤਾਂ ਹੈਰਾਨੀ ਹੁੰਦੀ ਹੈ। ਇਸ ਲਈ ਤੁਰਤ ਗ੍ਰਹਿ ਮੰਤਰੀ ਨੂੰ ਸਿੱਖਾਂ ਦੇ ਧਾਰਮਕ ਤੇ ਸੰਵਿਧਾਨਕ ਹੱਕ ਦੀ ਰਾਖੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।''