ਖ਼ਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦਾ ਇਤਿਹਾਸ
Published : Mar 9, 2020, 4:29 pm IST
Updated : Apr 9, 2020, 8:42 pm IST
SHARE ARTICLE
Photo
Photo

ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਲਬਰੇਜ਼ ਐ।

ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਲਬਰੇਜ਼ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੀ ਸਿੱਖ ਕੌਮ ਹਮੇਸ਼ਾਂ ਜ਼ੁਲਮਾਂ ਦੇ ਖ਼ਿਲਾਫ਼ ਡਟਦੀ ਆਈ ਹੈ। ਗੁਰੂ ਸਾਹਿਬ ਵੱਲੋਂ ਸਾਜੇ ਗਏ ਅਨੋਖੇ ਖ਼ਾਲਸਾ ਪੰਥ ਦੇ ਤਿਓਹਾਰ ਵੀ ਸਿੱਖਾਂ ਦੀ ਬਹਾਦਰੀ ਨੂੰ ਦਰਸਾਉਂਦੇ ਹਨ। ਹੋਲਾ ਮਹੱਲਾ ਵੀ ਸਿੱਖ ਕੌਮ ਦੇ ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਇਕ ਕੌਮੀ ਤਿਓਹਾਰ ਹੈ ਜੋ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਆਨੰਦਪੁਰ ਸਾਹਿਬ) ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ।

ਇਸ ਦਿਨ ਸਮੁੱਚਾ ਇਲਾਕਾ ਖ਼ਾਲਸਾਈ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਉਂਦਾ ਹੈ। ਆਓ ਜਾਣਦੇ ਆਂ ਕੀ ਹੈ ਖ਼ਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦਾ ਇਤਿਹਾਸ? ਇਸ ਕੌਮੀ ਜੋੜ ਮੇਲੇ ਦਾ ਮੁੱਢ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸੰਮਤ 1757 ਚੇਤ ਦੀ ਪਹਿਲੀ ਤਰੀਕ ਨੂੰ ਬੰਨ੍ਹਿਆ ਸੀ। ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਹੋਲੇ ਮਹੱਲੇ ਦਾ ਮਨੋਰਥ ਸਿੱਖਾਂ ਨੂੰ ਅਨਿਆਂ, ਜ਼ੁਲਮ 'ਤੇ ਸੱਚ ਅਤੇ ਨਿਆਂ ਦੀ ਜਿੱਤ ਦਾ ਸੰਕਲਪ ਦ੍ਰਿੜ੍ਹ ਕਰਵਾਉਣਾ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਰਦਾ ਹੋ ਚੁੱਕੀ ਭਾਰਤੀ ਖਲਕਤ ਨੂੰ ਉਸ ਵੇਲੇ ਦੇ ਜਾਬਰ ਤੇ ਜ਼ਾਲਮ ਹਾਕਮਾਂ ਖ਼ਿਲਾਫ਼ ਸੰਘਰਸ਼ ਕਰਨ ਤੇ ਕੌਮ 'ਚ ਜੋਸ਼ ਪੈਦਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: 'ਚ ਹੋਲੇ ਮਹੱਲੇ ਦੀ ਪ੍ਰੰਪਰਾ ਆਰੰਭ ਕੀਤੀ ਗਈ ਸੀ। ਉਨ੍ਹਾਂ ਵੱਲੋਂ ਖ਼ਾਲਸਾਈ ਫ਼ੌਜਾਂ ਦੇ ਦੋ ਮਨਸੂਈ ਦਲਾਂ 'ਚ ਸਾਸ਼ਤਰ ਵਿਦਿਆ ਦੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ ਜਾਂਦੀ ਸੀ।

ਅੱਜ ਵੀ ਉਸੇ ਰਵਾਇਤ ਅਨੁਸਾਰ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਭਾਰਤ ਵਾਸੀਆਂ ਨੇ ਪ੍ਰਾਚੀਨ ਕਾਲ ਤੋਂ ਹਰੇਕ ਰੁੱਤ ਦੇ ਬਦਲਣ 'ਤੇ ਆਪਣੇ ਦਿਲੀ ਭਾਵਾਂ ਦਾ ਪ੍ਰਗਟਾਵਾ ਕਰਨ ਲਈ ਤਿਉਹਾਰ ਤੈਅ ਕੀਤੇ ਹੋਏ ਹਨ। ਗੁਰੂ ਸਾਹਿਬਾਨ ਇਨ੍ਹਾਂ ਪ੍ਰੰਪਰਾਗਤ ਤਿਉਹਾਰਾਂ ਵਿਚ ਨਰੋਆ ਅਤੇ ਰਹੱਸਮਈ ਪਰਿਵਰਤਨ ਲਿਆਉਣਾ ਚਾਹੁੰਦੇ ਸਨ।

ਇਸ ਲਈ ਦਸਮ ਪਿਤਾ ਨੇ ਜਿਹੜਾ ਗੁਰਮਤਿ ਸੱਭਿਆਚਾਰ ਸਿਰਜਿਆ ਉਸ ਵਿਚ ਪ੍ਰਚਲਿਤ ਭਾਰਤੀ ਤਿਉਹਾਰਾਂ ਨੂੰ ਪਰਮਾਰਥ ਦੇ ਅਰਥਾਂ ਵਿਚ ਬਦਲ ਕੇ ਰੂਪਮਾਨ ਕੀਤਾ ਤਾਂ ਕਿ ਇਨ੍ਹਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਪ੍ਰਦਾਨ ਕੀਤੀ ਜਾ ਸਕੇ। ਖ਼ਾਲਸੇ ਵਲੋਂ ਹੋਲਾ ਤਲਵਾਰਾਂ, ਬਰਛਿਆਂ ਅਤੇ ਨੇਜ਼ਿਆਂ ਨਾਲ ਖੇਡਿਆ ਜਾਂਦਾ ਹੈ।

ਇਸ ਦਿਨ ਨਗਾਰਿਆਂ ਦੀ ਗੂੰਜ ਵਿਚ, ਸਜ-ਧਜ ਕੇ ਇਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਇੱਕ ਵੱਡਾ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜਿਸ ਨੂੰ 'ਮਹੱਲਾ' ਕਿਹਾ ਜਾਂਦਾ ਹੈ। ਇਸ ਮਹੱਲੇ ਵਿਚ ਨਿਹੰਗ ਸਿੰਘ ਅਤੇ ਹੋਰ ਸਿੱਖ ਸੰਗਤ ਵੱਡੀ ਪੱਧਰ 'ਤੇ ਸ਼ਾਮਲ ਹੁੰਦੀ ਹੈ, ਜਿੱਥੇ ਸ਼ਸਤਰਾਂ ਦੇ ਕਰਤੱਬ ਦਿਖਾਏ ਜਾਂਦੇ ਹਨ।

ਹੋਲੇ ਮਹੱਲੇ ਦੇ ਸ਼ਬਦੀ ਅਰਥਾਂ ਨੂੰ ਲੈ ਕੇ ਵਿਦਵਾਨਾਂ ਦਾ ਕਹਿਣਾ ਹੈ ਕਿ 'ਹੋਲਾ' ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ, ਜਿਸਦੇ ਅਰਥ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ 'ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ 'ਤੇ ਚੱਲਣਾ ਕੀਤੇ ਗਏ ਹਨ। ਮਹੱਲਾ ਸ਼ਬਦ ਦੇ ਅਰਥ ਹਨ ਉਹ ਅਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਭਾਈ ਕਾਨ੍ਹ ਸਿੰਘ ਅਨੁਸਾਰ- ਹੋਲੇ ਦੇ ਅਰਥ ਹਮਲਾ ਜਾ ਹੱਲਾ ਕਰਨਾ ਹੈ।

ਸ੍ਰੀ ਆਨੰਦਪੁਰ ਸਾਹਿਬ ਤੋਂ ਇਲਾਵਾ ਇਕ ਹੋਰ ਸਿੱਖ ਧਾਰਮਿਕ ਅਸਥਾਨ 'ਤੇ ਵੀ ਹੋਲੇ ਮਹੱਲੇ ਦਾ ਤਿਓਹਾਰ ਸਿੱਖ ਕੌਮ ਵੱਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਵਿਚ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਵੀ ਹੋਲੇ ਮਹੱਲੇ ਵਾਲੇ ਦਿਨ ਵੱਡਾ ਜਲੂਸ ਕੱਢਿਆ ਜਾਂਦਾ ਹੈ, ਜਿਸ ਦੇ ਅੱਗੇ ਇੱਕ ਸ਼ਿੰਗਾਰਿਆ ਹੋਇਆ ਨੀਲਾ ਘੋੜਾ ਚੱਲਦਾ ਹੈ ਅਤੇ ਪਿੱਛੇ-ਪਿੱਛੇ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ।

ਫਿਰ ਕੁਝ ਸੂਰਮੇ ਹਵਾ ਵਿਚ ਫਾਇਰ ਕਰਦੇ ਹਨ, ਜਿਵੇਂ ਕਿਸੇ ਦੁਸ਼ਮਣ ਉੱਪਰ ਹਮਲਾ ਕੀਤਾ ਗਿਆ ਹੋਵੇ। ਘੋੜਾ ਬੜੀ ਤੇਜ਼ੀ ਨਾਲ ਦੌੜਦਾ ਤੇ ਉਸ ਪਿੱਛੇ ਸੰਗਤਾਂ ਦੌੜਦੀਆਂ ਹਨ। ਇਸ ਨੂੰ 'ਮਹੱਲਾ' ਕਿਹਾ ਜਾਂਦਾ ਹੈ। ਹੋਲੇ ਮਹੱਲੇ ਦਾ ਜਲੂਸ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਤੋਂ ਇਲਾਵਾ ਹੋਰ ਕਿਧਰੇ ਨਹੀਂ ਨਿਕਲਦਾ। ਮੌਜੂਦਾ ਸਮੇਂ ਹੋਲਾ ਮਹੱਲਾ 10 ਮਾਰਚ ਤੋਂ 12 ਮਾਰਚ ਤਕ ਮਨਾਇਆ ਜਾ ਰਿਹੈ, ਜਿਸ ਨੂੰ ਲੈ ਕੇ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਹਨ। ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣੀਆਂ ਸ਼ੁਰੂ ਹੋ ਗਈਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement