
ਇਸ ਲਿਹਾਜ ਨਾਲ ਹਰਿਆਣਾ ਦੀਆਂ ਪੁਰਾਣੀਆਂ ਸੀਟਾਂ ਨੂੰ ਗੁਰਦੁਆਰਾ ਚੋਣ ਕਮਿਸ਼ਨ ਬਾਹਰ ਹੀ ਰੱਖੇਗਾ।
SGPC Election: ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਸ਼੍ਰੋਮਣੀ ਕਮੇਟੀ ਦੇ ਹਰਿਆਣਾ ਤੋਂ ਦੋ ਮੈਂਬਰਾਂ ਬਲਦੇਵ ਸਿੰਘ ਤੇ ਗੁਰਜੀਤ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਾਂ ਬਨਾਉਣ ਦੀ ਸ਼ੁਰੂ ਕੀਤੀ ਕਾਰਵਾਈ ਵਿਚ ਹਰਿਆਣਾ ਨੂੰ ਬਾਹਰ ਰੱਖੇ ਜਾਣ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਗੁਰਦੁਆਰਾ ਚੋਣ ਕਮਿਸ਼ਨ ਵਲੋਂ ਪੇਸ਼ ਹੋਏ ਐਡਵੋਕੇਟ ਸਤਿਆਪਾਲ ਜੈਨ ਨੇ ਵੀਰਵਾਰ ਨੂੰ ਸੁਣਵਾਈ ਦੌਰਾਨ ਬੈਂਚ ਮੁਹਰੇ ਜਵਾਬ ਪੇਸ਼ ਕੀਤਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਗੁਰਦੁਆਰਾ ਐਕਟ ਤਹਿਤ ਹੀ ਕਰਵਾਈਆਂ ਜਾਣਗੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਦਾਇਰੇ ਵਿਚ ਆਉਂਦੀਆਂ ਸੀਟਾਂ ’ਤੇ ਹੀ ਚੋਣ ਕਰਵਾਈ ਜਾ ਰਹੀ ਹੈ।
ਇਸ ਲਿਹਾਜ ਨਾਲ ਹਰਿਆਣਾ ਦੀਆਂ ਪੁਰਾਣੀਆਂ ਸੀਟਾਂ ਨੂੰ ਗੁਰਦੁਆਰਾ ਚੋਣ ਕਮਿਸ਼ਨ ਬਾਹਰ ਹੀ ਰੱਖੇਗਾ। ਐਡਵੋਕੇਟ ਸਤਿਆਪਾਲ ਜੈਨ ਮੁਤਾਬਕ, ਹਰਿਆਣਾ ਦੀ ਵੱਖਰੀ ਕਮੇਟੀ ਨੋਟੀਫ਼ਾਈ ਹੋ ਚੁਕੀ ਹੈ ਤੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਾਇਰੇ ਤੋਂ ਬਾਹਰ ਹੈ। ਪਿਛਲੀ ਸੁਣਵਾਈ ’ਤੇ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਜਵਾਬ ਦਾਖ਼ਲ ਨਾ ਕੀਤੇ ਜਾਣ ਅਤੇ ਇਸ ਲਈ ਹੋਰ ਸਮਾਂ ਮੰਗਣ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈਆਂ ਜਾ ਰਹੀਆਂ ਵੋਟਰ ਸੂਚੀਆਂ ਨੂੰ ਅੰਤਮ ਰੂਪ ਦੇਣ ’ਤੇ ਰੋਕ ਲਗਾ ਦਿਤੀ ਸੀ, ਜਿਹੜੀ ਕਿ ਫਿਲਹਾਲ ਅਗਲੇ ਹੁਕਮ ਤਕ ਜਾਰੀ ਰਹੇਗੀ।
ਉਸ ਵੇਲੇ ਪਟੀਸ਼ਨਰਾਂ ਦੇ ਵਕੀਲ ਵਨੇ ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ ਸੀ ਕਿ ਵੋਟਰ ਰਜਿਸਟ੍ਰੇਸ਼ਨ ਲਈ ਅੰਤਮ ਮਿਤੀ 29 ਫ਼ਰਵਰੀ ਹੈ ਤੇ ਜੇਕਰ ਸੁਣਵਾਈ ਇਸ ਤੋਂ ਅੱਗੇ ਪਾਈ ਜਾਂਦੀ ਹੈ ਤਾਂ ਹਰਿਆਣਾ ਦੀਆਂ ਸੀਟਾਂ ਲਈ ਵੋਟਾਂ ਨਹੀਂ ਬਣਨਗੀਆਂ ਤੇ ਪਟੀਸ਼ਨਰਾਂ ਦਾ ਹੱਕ ਮਾਰਿਆ ਜਾਵੇਗਾ। ਇਹ ਤੱਥ ਨੋਟ ਕਰਦਿਆਂ ਹਾਈ ਕੋਰਟ ਨੇ ਵੋਟਰ ਸੂਚੀ ਨੂੰ ਅੰਤਮ ਰੂਪ ਦੇਣ ’ਤੇ ਰਕ ਲਗਾ ਦਿਤੀ ਸੀ ਪਰ ਹੁਣ ਚੋਣ ਕਮਿਸ਼ਨ ਵਲੋਂ ਜਵਾਬ ਦਾਖ਼ਲ ਕਰਨ ਨਾਲ ਸਥਿਤੀ ਕਾਫ਼ੀ ਸਪੱਸ਼ਟ ਹੋ ਗਈ ਹੈ ਪਰ ਜਵਾਬ ਦਾਖ਼ਲ ਹੋਣ ਦੇ ਨਾਲ ਹੀ ਸੁਣਵਾਈ ਅੱਗੇ ਪੈ ਗਈ ਤੇ ਪਿਛਲੇ ਹੁਕਮ ਜਾਰੀ ਰੱਖੇ ਗਏ ਹਨ।
(For more Punjabi news apart from SGPC Election, stay tuned to Rozana Spokesman)