
ਸੰਗਤਾਂ 'ਚ ਕੁੱਝ ਗ਼ਲਤ ਵਾਪਰਨ ਦੀ ਸੂਰਤ ਵਿਚ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਹੋਵੇਗੀ ਜ਼ਿੰਮੇਵਾਰ
ਗੁਰਦਾਸਪੁਰ, : ਸ਼੍ਰੋਮਣੀ ਕਮੇਟੀ ਵਲੋਂ ਨਾਨਕ ਕੈਲੰਡਰ ਵਿਚ ਕੀਤੀਆਂ ਸੋਧਾਂ ਦੇ ਬਾਅਦ ਇਸ ਵਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਦੀ ਦੇ ਗੁਰਤਾਗੱਦੀ ਦਿਵਸ ਅਤੇ ਗੁਰੂ ਅਰਜਨ ਦੇਵ ਜੀ ਦੀ ਦੇ ਸ਼ਹੀਦੀ ਦਿਵਸ ਦੀਆਂ ਤਰੀਕਾਂ ਵਿਚ ਵੀ ਬਦਲਾਅ ਆ ਗਿਆ ਹੈ। ਇਸ ਲਈ ਹੁਣ ਸ਼੍ਰੋਮਣੀ ਕਮੇਟੀ ਵਲੋਂ ਛੇਵੇਂ ਪਾਤਸ਼ਾਹ ਦਾ ਗੁਰਤਾਗੱਦੀ ਦਿਵਸ 7 ਜੂਨ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਾਨਕਸ਼ਾਹੀ ਕਲੰਡਰ ਵਿਚ ਸੋਧ ਤੋਂ ਬਾਅਦ ਗੁਰਪੁਰਬਾਂ, ਸ਼ਹੀਦੀ ਦਿਵਸ ਤੋਂ ਇਲਾਵਾ ਹੋਰ ਦਿਨ ਤਿਉਹਾਰਾਂ ਦੀਆਂ ਤਰੀਕਾਂ ਵਿਚ ਹਰ ਸਾਲ ਤਬਦੀਲੀ ਆਉਂਦੀ ਰਹਿੰਦੀ ਹੈ। ਨਾਨਕਸ਼ਾਹੀ ਕੈਲੰਡਰ ਵਿਚ ਸੋਧ ਤੋਂ ਬਾਅਦ ਇਸ ਕੈਲੰਡਰ ਨੂੰ ਪਹਿਲੇ ਦੀ ਤਰ੍ਹਾਂ ਮੁੜ ਚੰਦਰ ਚਾਲ 'ਤੇ ਆਧਾਰਤ ਬਣਾਇਆ ਗਿਆ ਹੈ। ਸਿੱਟੇ ਵਜੋਂ ਹਰ ਸਾਲ ਹੀ ਤਰੀਕਾਂ ਵਿਚ ਤਬਦੀਲੀ ਆਉਂਦੀ ਰਹੀ ਹੈ। ਨਾਨਕਸ਼ਾਹੀ ਕਲੰਡਰ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 5 ਜੂਨ ਨੂੰ ਹੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਜਦਕਿ ਸੋਧੇ ਹੋਏ ਕੈਲੰਡਰ ਅਨੁਸਾਰ ਸ਼ਹੀਦੀ ਪੁਰਬ ਕਦੇ ਜੂਨ ਅਤੇ ਕਦੇ ਮਈ ਮਹੀਨੇ ਮਨਾਇਆ ਜਾਂਦਾ ਹੈ।
SGPC
ਇਸ ਵਾਰ ਇਹ 7 ਜੂਨ ਨੂੰ ਮਨਾਇਆ ਜਾ ਰਿਹਾ ਹੈ। ਇਸੇ ਤਰਾਂ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਗੁਰਤਾਗ਼ੱਦੀ ਦਿਵਸ ਇਸ ਵਾਰ ਸੋਧੇ ਹੋਏ ਕਲੰਡਰ ਅਨੁਸਾਰ 8 ਮਈ ਨੂੰ ਆ ਰਿਹਾ ਸੀ ਜਿਸ ਨੂੰ ਹੁਣ ਕੈਲੰਡਰ ਕਮੇਟੀ ਦੀ ਮੀਟਿੰਗ ਅਨੁਸਾਰ 7 ਜੂਨ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਦ ਜੀ ਦੇ ਗੁਰਤਾਗੱਦੀ ਦਿਵਸ ਵਿਚ ਕਰੀਬ 40 ਦਿਨ ਦਾ ਫ਼ਰਕ ਆ ਰਿਹਾ ਸੀ। ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਵੀ ਸ਼ਿਕਾਇਤਾਂ ਪੁੱਜ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਹੀ ਉਨ੍ਹਾਂ ਨੇ ਇਹ ਮਾਮਲਾ ਕੈਲੰਡਰ ਕਮੇਟੀ ਕੋਲ ਵਿਚਾਰਨ ਲਈ ਭੇਜਿਆ ਸੀ। ਕੈਲੰਡਰ ਕਮੇਟੀ ਦੀ ਚੰਡੀਗੜ੍ਹ ਹੋਈ ਸ਼੍ਰੋਮਣੀ ਵਿਚ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਸ ਦੀ ਪ੍ਰਵਾਨਗੀ ਦਿਤੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਨ ਦੀ ਮੰਗ ਨੂੰ ਲਗਾਤਾਰ ਅਣਗੋਲਿਆ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਜੇ ਸਿੱਖ ਸੰਗਤਾਂ ਦਰਮਿਆਨ ਇਸ ਮਾਮਲੇ ਨੂੰ ਲੈ ਕੇ ਪਿੰਡਾਂ ਥਾਵਾਂ 'ਤੇ ਕਿਸੇ ਤਰ੍ਹਾਂ ਦਾ ਵੀ ਕੋਈ ਵਿਵਾਦ ਹੁੰਦਾ ਹੈ ਤਾਂ ਇਸ ਲਈ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼ੋਮਣੀ ਕਮੇਟੀ ਹੀ ਜ਼ਿੰਮੇਵਾਰ ਹੋਵੇਗੀ।