
ਲੰਗਰ ਦੀ ਰਵਾਇਤ ਨਾਲ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜ ਸੁਧਾਰ ਦੇ ਕਾਰਜਾਂ ਨੂੰ ਵੱਡਾ ਹੁਲਾਰਾ ਦਿੱਤਾ।
ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ ਬੇਹੱਦ ਪ੍ਰੇਰਨਾ ਭਰਿਆ ਹੈ, ਜਿਹਨਾਂ ਨੇ ਕੁੜਮਾਚਾਰੀ ਦੇ ਰਿਸ਼ਤੇ ਨੂੰ ਇੱਕ ਪਾਸੇ ਰੱਖ, ਖ਼ੁਦ ਨੂੰ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸਮਰਪਿਤ ਕੀਤਾ। ਗੁਰੂ ਸਾਹਿਬ ਨੇ ਦੂਜੇ ਪਾਤਸ਼ਾਹ ਜੀ ਦੀ ਇੱਕ ਨਿਮਾਣੇ ਸਿੱਖ ਵਜੋਂ ਸੇਵਾ ਕੀਤੀ, ਦੁਨਿਆਵੀ ਰਿਸ਼ਤਿਆਂ ਦੀ ਇਹ ਸਾਂਝ ਇੱਕ ਸਮੇਂ ਅਧਿਆਤਮ ਅਤੇ ਰੂਹਾਨੀਅਤ ਦੀ ਸਾਂਝ ਬਣੀ, ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਰੂਪ 'ਚ ਸਿੱਖ ਕੌਮ ਨੂੰ ਚੌਥੇ ਗੁਰੂ ਮਿਲੇ।
ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਨਾਰੀ ਸਨਮਾਨ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਵਿਆਪਕ ਪੱਧਰ 'ਤੇ ਪਹੁੰਚਾਇਆ। ਪਰਦਾ ਪ੍ਰਥਾ ਤੇ ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਦਾ ਤੀਜੇ ਗੁਰੂ ਜੀ ਨੇ ਜ਼ੋਰਦਾਰ ਖੰਡਨ ਕੀਤਾ। ਤੀਜੇ ਸਤਿਗੁਰਾਂ ਨੇ ਸਮਾਜ ਨੂੰ ਨਾਰੀ ਸਨਮਾਨ ਅਤੇ ਬਰਾਬਰਤਾ ਦੀ ਸੇਧ ਦਿਖਾਈ।
ਲੰਗਰ ਦੀ ਰਵਾਇਤ ਨਾਲ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜ ਸੁਧਾਰ ਦੇ ਕਾਰਜਾਂ ਨੂੰ ਵੱਡਾ ਹੁਲਾਰਾ ਦਿੱਤਾ। 'ਪਹਿਲਾਂ ਪੰਗਤ, ਪਾਛੈ ਸੰਗਤ' ਦੇ ਸਿਧਾਂਤ ਨਾਲ ਸਤਿਗੁਰਾਂ ਨੇ ਸਮਾਜ ਨੂੰ ਜ਼ਾਤ-ਪਾਤ, ਛੂਆ-ਛੋਟਾ, ਊਚ-ਨੀਚ ਵਰਗੇ ਵਿਤਕਰਿਆਂ ਤੋਂ ਅਜ਼ਾਦ ਹੋਣ ਲਈ ਪ੍ਰੇਰਿਆ। ਸਤਿਗੁਰਾਂ ਦੇ ਦਰਸ਼ਨਾਂ ਲਈ ਆਏ ਮਹਾਰਾਜਾ ਅਕਬਰ ਨੂੰ ਵੀ ਗੁਰੂ ਪਾਤਸ਼ਾਹ ਜੀ ਨੇ ਸੰਗਤ ਦੇ ਨਾਲ ਹੀ ਪੰਗਤ 'ਚ ਬਿਠਾ ਕੇ ਲੰਗਰ ਛਕਾਇਆ।
ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ 907 ਸ਼ਬਦਾਂ ਦੇ ਰੂਪ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹੈ। ਸਤਿਗੁਰਾਂ ਨੇ 17 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਆਪ ਜੀ ਦੀ ਅਗਵਾਈ ਸਦਕਾ ਹੀ ਗੋਇੰਦਵਾਲ ਸਾਹਿਬ ਨਗਰ ਨੂੰ 'ਸਿੱਖੀ ਦਾ ਧੁਰਾ' ਕਹਿ ਕੇ ਸਤਿਕਾਰਿਆ ਜਾਂਦਾ ਹੈ।
ਸਮਾਜ ਵਿਤਕਰਿਆਂ ਨੂੰ ਵਿਤਕਰਿਆਂ ਤੋਂ ਮੁਕਤ ਕਰਨ ਦੀ ਮੁਹਿੰਮ ਦਾ ਹੀ ਇੱਕ ਅਹਿਮ ਹਿੱਸਾ ਸੀ ਗੋਇੰਦਵਾਲ ਸਾਹਿਬ ਵਿਖੇ 84 ਪੌੜੀਆਂ ਵਾਲੀ ਬਾਉਲੀ ਦਾ ਨਿਰਮਾਣ ਕਰਨਾ, ਜਿਸ ਰਾਹੀਂ ਤੀਜੇ ਪਾਤਸ਼ਾਹ ਜੀ ਨੇ ਸਮਾਜ ਨੂੰ ਜ਼ਾਤਾਂ-ਪਾਤਾਂ ਤੇ ਊਚ-ਨੀਚ ਤਿਆਗਣ ਦੀ ਸਿੱਖਿਆ ਦਿੱਤੀ। ਇਸੇ ਅਸਥਾਨ 'ਤੇ ਅੱਜ ਗੁਰਦੁਆਰਾ ਬਾਉਲੀ ਸਾਹਿਬ ਸੁਸ਼ੋਭਿਤ ਹੈ ਅਤੇ ਤੀਜੇ ਸਤਿਗੁਰਾਂ ਦੀ ਮਿੱਠੀ ਯਾਦ 'ਚ ਭਾਦੋਂ ਦੇ ਮਹੀਨੇ ਹਰ ਸਾਲ ਇੱਥੇ ਸਾਲਾਨਾ ਜੋੜ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਅਸਥਾਨ 'ਤੇ ਦੇਸ਼-ਵਿਦੇਸ਼ ਤੋਂ ਪਹੁੰਚ ਕੇ ਸੰਗਤ ਗੁਰੂ ਚਰਨਾਂ 'ਚ ਨਤਮਸਤਕ ਹੁੰਦੀ ਹੈ। ਨਿਮਾਣਿਆਂ ਨੂੰ ਮਾਣ ਬਖ਼ਸ਼ਣ ਵਾਲੇ ਤੀਜੇ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ 'ਚ ਪ੍ਰਣਾਮ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ।