
ਭਾਜਪਾ ਅਤੇ ਆਰਐਸਐਸ ਨੇ ਗੁਰਬਾਣੀ ਗਾਇਣ ’ਤੇ ਲਵਾਈ ਪਾਬੰਦੀ : ਭਾਈ ਨਾਗੋਕੇ
ਕੋਟਕਪੂਰਾ : ਜਿੱਥੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ’ਤੇ ਦੋਸ਼ ਲਾ ਕੇ ਪੰਥਕ ਹਲਕਿਆਂ ਵਿਚ ਹਲਚਲ ਛੇੜ ਦਿਤੀ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਪੰਥਵਿਰੋਧੀ ਸ਼ਕਤੀਆਂ ਦੇ ਦਬਾਅ ਹੇਠ ਦਸਿਆ ਹੈ, ਉੱਥੇ ਭਾਈ ਨਾਗੋਕੇ ਵਲੋਂ ਕੀਤੇ ਗਏ ਕੁੱਝ ਅਹਿਮ ਅਤੇ ਚਿੰਤਾਜਨਕ ਪ੍ਰਗਟਾਵਿਆਂ ਨੇ ਪੰਥਕ ਹਲਕਿਆਂ ਵਿਚ ਤਰਥੱਲੀ ਮਚਾ ਦਿਤੀ ਹੈ।
ਭਾਈ ਨਾਗੋਕੇ ਨੇ ਦਾਅਵਾ ਕੀਤਾ ਕਿ ਸਾਲ 2007 ਜਾਂ 2008 ਵਿਚ ਆਰ.ਐਸ.ਐਸ. ਦੇ ਸੀਨੀਅਰ ਆਗੂ ਪ੍ਰਵੀਨ ਤੋਗੜੀਆ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸਥਿਤ ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵਿਚ ਪੈ੍ਰਸ ਕਾਨਫ਼ਰੰਸ ਕਰਦਿਆਂ ਆਖਿਆ ਕਿ ਸਿੱਖ ਵੀ ਹਿੰਦੂਆਂ ਵਿਚੋਂ ਹੀ ਹਨ, ਅਗਲੇ ਦਿਨ ਤੋਗੜੀਆ ਦਾ ਉਕਤ ਬਿਆਨ ਸਾਰੀਆਂ ਅਖਬਾਰਾਂ ਦੀਆਂ ਮੁੱਖ ਸੁਰਖ਼ੀਆਂ ਬਣਿਆ ਪਰ ਕੋਈ ਵੀ ਜਥੇਦਾਰ ਕੁਸਕਿਆ ਤਕ ਨਾ।
ਭਾਈ ਨਾਗੋਕੇ ਨੇ ਦਸਿਆ ਕਿ ਉਸ ਨੇ ਦਰਬਾਰ ਸਾਹਿਬ ਤੋਂ ਸਿੱਧੇ ਪ੍ਰਸਾਰਨ ਦੌਰਾਨ ਲਾਈਵ ਭਗਤ ਕਬੀਰ ਜੀ ਦੀ ਬਾਣੀ ‘ਨਾ ਹਮ ਹਿੰਦੂ ਨਾ ਮੁਸਲਮਾਨ’ ਦਾ ਸ਼ਬਦ ਗਾਇਨ ਕੀਤਾ ਤਾਂ ਉਸਨੂੰ ਉਸ ਸਮੇਂ ਦੇ ਮੈਨੇਜਰ ਅਜੈਬ ਸਿੰਘ ਨੇ ਤਲਬ ਕਰ ਲਿਆ। ਸ਼੍ਰੋਮਣੀ ਕਮੇਟੀ ਦੇ ਮੈਨੇਜਰ ਨੇ ਪੁਛਿਆ ਕਿ ਇਹ ਸ਼ਬਦ ਕਿੱਥੋਂ ਪੜਿਆ ਸੀ ਤਾਂ ਭਾਈ ਨਾਗੋਕੇ ਨੇ ਜਵਾਬ ਦਿਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਭਗਤ ਕਬੀਰ ਜੀ ਦੀ ਬਾਣੀ ਨਾਲ ਸਬੰਧਤ ਸ਼ਬਦ ਦਾ ਗਾਇਨ ਕੀਤਾ ਗਿਆ ਸੀ।
ਮੈਨੇਜਰ ਅਜੈਬ ਸਿੰਘ ਨੇ ਆਖਿਆ ਕਿ ਤੇਰੇ ਉਕਤ ਸ਼ਬਦ ਦਾ ਇਤਰਾਜ਼ ਕਰਦਿਆਂ ਅਡਵਾਨੀ ਨੇ ਬਾਦਲ ਨੂੰ ਫ਼ੋਨ ਕੀਤਾ ਅਤੇ ਬਾਦਲ ਨੇ ਮੇਰੇ ਕੋਲ ਇਤਰਾਜ਼ ਪ੍ਰਗਟਾਇਆ। ਮੈਨੇਜਰ ਨੇ ਅੱਗੇ ਵਾਸਤੇ ਇਸ ਤਰ੍ਹਾਂ ਦੇ ਸ਼ਬਦ ਨਾ ਪੜ੍ਹਨ ਦੀ ਹਦਾਇਤ ਕੀਤੀ ਪਰ ਭਾਈ ਨਾਗੋਕੇ ਨੇ ਉਸੇ ਦਿਨ ਸ਼ਾਮ ਦੇ ਲਾਈਵ ਪ੍ਰਸਾਰਨ ਦੌਰਾਨ ਫਿਰ ਉਹੀ ਸ਼ਬਦ ਗਾਇਨ ਦੁਬਾਰਾ ਕੀਤਾ। ਸ਼੍ਰੋਮਣੀ ਕਮੇਟੀ ਨੇ ਭਾਈ ਨਾਗੋਕੇ ਦੇ ਲਾਈਵ ਕੀਰਤਨ ਵਾਲੇ ਪੋ੍ਰਗਰਾਮਾਂ ’ਤੇ ਪਾਬੰਦੀ ਲਾ ਦਿਤੀ।
ਭਾਈ ਸੁਖਵਿੰਦਰ ਸਿੰਘ ਨਾਗੋਕੇ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਬੁਰੀ ਤਰ੍ਹਾਂ ਭਾਜਪਾ ਅਤੇ ਆਰਐਸਐਸ ਦੇ ਦਬਾਅ ਵਿਚ ਸੀ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਰਟ ਸਰਕਟ ਨਾਲ 14-15 ਪਾਵਨ ਸਰੂਪ ਅਗਨ ਭੇਂਟ ਹੋ ਜਾਣ ਦੀ ਖ਼ਬਰ ਉਹ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਵਾਉਣੀ ਚਾਹੁੰਦਾ ਸੀ ਪਰ ਕਿਸੇ ਦਬਾਅ ਅਧੀਨ ਪੱਤਰਕਾਰਾਂ ਨੇ ਉਕਤ ਖਬਰ ਪ੍ਰਕਾਸ਼ਿਤ ਨਾ ਕੀਤੀ। ਭਾਈ ਨਾਗੋਕੇ ਮੁਤਾਬਕ ਬੇਅਦਬੀ ਕਾਂਡ ਦਾ ਰੋਸ ਪ੍ਰਗਟਾਉਣ ਵਾਲੇ ਭਾਈ ਸਤਨਾਮ ਸਿੰਘ ਖੰਡਾ ਸਮੇਤ ਅਕਾਲ ਤਖ਼ਤ ਦੇ ਪੰਜ ਪਿਆਰਿਆਂ ਨੂੰ ਨੌਕਰੀ ਤੋਂ ਕੱਢਣ ਦਾ ਹੁਕਮ ਸੁਣਾਇਆ ਤਾਂ ਭਾਈ ਨਾਗੋਕੇ ਸਮੇਤ ਹੋਰ ਅਨੇਕਾਂ ਪੰਥਦਰਦੀਆਂ ਨੇ ਇਸ ਦਾ ਬੁਰਾ ਮਨਾਇਆ।
ਭਾਈ ਨਾਗੋਕੇ ਨੇ ਦਸਿਆ ਕਿ ਬਾਬਾ ਗੁਰਦਿੱਤਾ ਜੀ ਦੇ ਗੁਰਦਵਾਰੇ ਕੀਰਤਪੁਰ ਸਾਹਿਬ ਵਿਖੇ ਮੀਟ, ਸ਼ਰਾਬ ਦਾ ਸੇਵਨ ਕਰ ਕੇ ਪਾਵਨ ਸਰੁਪ ਉੱਪਰ ਉਲਟੀਆਂ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਗ੍ਰੰਥੀਆਂ ਅਤੇ ਮੁਲਾਜ਼ਮਾਂ ਵਿਰੁਧ ਮੁੱਦਾ ਚੁੱਕਿਆ ਗਿਆ, ਹਰ ਊਣਤਾਈ ਦਾ ਠੋਕ ਕੇ ਮੁੱਦਾ ਚੁੱਕਦੇ ਰਹੇ ਪਰ ਕੋਈ ਸੁਣਵਾਈ ਨਹੀਂ ਹੋਈ। ਭਾਈ ਨਾਗੋਕੇ ਨੇ ਦੇਸ਼-ਵਿਦੇਸ਼ ਦੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਸ ਨੇ ਵੀ ਸ਼੍ਰੋਮਣੀ ਕਮੇਟੀ ਦੀ ਅਧੀਨਗੀ ਵਾਲੇ ਗੁਰਦਵਾਰਿਆਂ ਵਿਚ ਸੋਨੇ ਦੀ ਕੋਈ ਵਸਤੂ ਭੇਂਟ ਕੀਤੀ ਹੈ, ਕਿ੍ਰਪਾ ਕਰ ਕੇ ਉਸਦੀ ਪੜਤਾਲ ਕਰਵਾਈ ਜਾਵੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਮੁਲਾਜ਼ਮਾਂ ਨੂੰ ਜਵਾਬਦੇਹ ਬਣਾਇਆ ਜਾਵੇ
ਕਿਉਂਕਿ ਸ਼ਰਧਾਲੂਆਂ ਵਲੋਂ ਸ਼ਰਧਾ ਨਾਲ ਚੜ੍ਹਾਏ ਜਾਂਦੇ ਮਾਲ ਭਾੜੇ ਨੂੰ ਉਹ ਆਪੋ ਅਪਣੇ ਘਰਾਂ ਵਿਚ ਲੈ ਜਾਂਦੇ ਹਨ। ਭਾਈ ਨਾਗੋਕੇ ਨੇ ਅਪਣੇ ਪੁਰਖਿਆਂ ਦਾ ਨਾਂ ਲੈ ਕੇ ਦਸਿਆ ਕਿ ਉਨ੍ਹਾਂ ਦੇ ਬਜ਼ੁਰਗ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਪ੍ਰਧਾਨ ਰਹਿ ਚੁਕੇ ਹਨ ਅਤੇ ਦਰਜਨ ਤੋਂ ਜ਼ਿਆਦਾ ਨਾਗੋਕਿਆਂ ਦੇ ਪੰਥਦਰਦੀਆਂ ਨੇ ਬਹੁਤ ਪੰਥਕ ਸੇਵਾਵਾਂ ਨਿਭਾਈਆਂ ਅਤੇ ਸਾਡੇ ਪੁਰਖਿਆਂ ਸਮੇਤ ਸਾਰਾ ਪ੍ਰਵਾਰ ਪੀੜ੍ਹੀ ਦਰ ਪੀੜ੍ਹੀ ਪੰਥ ਨੂੰ ਸਮਰਪਤ ਹੈ ਪਰ ਅੱਜ ਪੰਥ ਦੇ ਨਾਂ ’ਤੇ ਸਿੱਖਾਂ ਨਾਲ ਹੀ ਧੱਕੇਸ਼ਾਹੀਆਂ ਅਤੇ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਹਨ।