Panthak News: ਐਡਵੋਕੇਟ ਹਰਜਿੰਦਰ ਧਾਮੀ ਤੇ ਬੀਬੀ ਜਗੀਰ ਕੌਰ ਪ੍ਰਧਾਨਗੀ ਦੇ ਅਹੁਦੇ ਲਈ ਹੋ ਸਕਦੇ ਉਮੀਦਵਾਰ
General meeting of SGPC will be held on October 28 Panthak News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ 28 ਅਕਤੂਬਰ ਨੂੰ ਹੋਣ ਵਾਲੀ ਚੋਣ ਅਕਾਲੀ ਦਲ ਦੇ ਧੜਿਆਂ ਦਾ ਭਵਿੱਖ ਤੈਅ ਕਰੇਗੀ ਕਿਉਂਕਿ ਜਿਸ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤੀ ਜਾਂਦੀ ਹੈ ਉਸ ਨੂੰ ਮਜ਼ਬੂਤ ਅਕਾਲੀ ਦਲ ਮੰਨਿਆ ਜਾਂਦਾ ਹੈ। ਆਮ ਤੌਰ ’ਤੇ ਚੋਣ ਨਵੰਬਰ ਮਹੀਨੇ ਵਿਚ ਹੁੰਦੀ ਜਾਂਦੀ ਹੈ ਪਰ ਇਸ ਵਾਰ 20 ਦਿਨ ਪਹਿਲਾਂ ਹੋ ਰਹੀ ਹੈ। ਇਸ ਦੌਰਾਨ ਪੰਚਾਈਤੀ ਚੋਣਾਂ ਵੀ ਹੋਣੀਆਂ ਹਨ ਅਤੇ ਤਿਉਹਾਰਾਂ ਦਾ ਸੀਜ਼ਨ ਵੀ ਨੇੜੇ ਹੈ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਅਕਾਲੀ ਦਲ ਦੇ ਸਾਰੇ ਧੜਿਆਂ ਲਈ ਕਾਫ਼ੀ ਅਹਿਮ ਹੈ ਅਤੇ ਇਸ ਚੋਣ ਜਿੱਤਣ ਲਈ ਸਿਰ ਧੜ ਦੀ ਬਾਜ਼ੀ ਲੱਗੇਗੀ। ਸ਼੍ਰੋਮਣੀ ਕਮੇਟੀ ਤੇ ਬਾਦਲ ਪ੍ਰਵਾਰ ਦਾ ਲਗਭਗ 30 ਸਾਲਾਂ ਤੋਂ ਦਬਦਬਾ ਰਿਹਾ ਹੈ ਜਿਸ ਦੇ ਚਲਦਿਆਂ ਕਈ ਵਾਰੀ ਅਕਾਲੀ ਦਲ ਵਿਚੋਂ ਹੀ ਐਂਟੀ ਬਾਦਲ ਧੜਿਆਂ ਦਾ ਉਭਾਰ ਹੋ ਚੁੱਕਾ ਹੈ।
ਇਸ ਸਮੇਂ ਵੀ ਅਕਾਲੀ ਦਲ ਦੇ ਬਾਗ਼ੀ ਧੜੇ ਵਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਹੈ ਜਿਸ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਬੀਬੀ ਜਗੀਰ ਕੌਰ ਨੂੰ ਸੰਭਾਵੀ ਉਮੀਦਵਾਰ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇਹ ਦੂਜਾ ਕਾਰਜਕਾਲ ਹੈ। ਸ੍ਰੋਮਣੀ ਕਮੇਟੀ ਦੇ ਇਜਲਾਸ ਨੂੰ ਅਗਾਊਂ ਬੁਲਾਉਣ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਤੋਂ ਮਿਲ ਰਹੀ ਚੁਣੌਤੀ ਨੂੰ ਮਨਿਆ ਜਾ ਰਿਹਾ ਹੈ।
ਪਿਛਲੇ ਸਾਲਾਂ ਦੀ ਤਰ੍ਹਾਂ ਬਾਗ਼ੀ ਧੜੇ ਵਲੋਂ ਪਾਰਟੀ ਦੇ ਨਾਮਜ਼ਦ ਉਮੀਦਵਾਰ ਵਿਰੁਧ ਅਪਣਾ ਉਮੀਦਵਾਰ ਖੜਾ ਕਰਨ ਦੀ ਸੰਭਾਵਨਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜੋ ਸਾਲਾਂ ਤੋਂ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਬਾਰੇ ਫ਼ੈਸਲਾ ਕਰਦੇ ਆ ਰਹੇ ਹਨ, ਨੂੰ 2007 ਤੋਂ 2017 ਤਕ ਪਾਰਟੀ ਅਤੇ ਇਸ ਦੀ ਸਰਕਾਰ ਸਮੇਂ ਹੋਈਆਂ ਗ਼ਲਤੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖ਼ਾਹੀਆ ਕਰਾਰ ਦਿਤਾ ਗਿਆ ਹੈ। ਸਿੱਖ ਹਲਕਿਆਂ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਕੁੱਝ ਸਮੇਂ ਲਈ ਸਿਆਸਤ ਵਿਚ ਹਿੱਸਾ ਲੈਣ ਤੋਂ ਰੋਕਣ ਵਾਂਗ ਸਖ਼ਤ ਸਜ਼ਾ ਸੁਣਾ ਦਿਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਪਾਰਟੀ ਦੇ ਉੱਚ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਚੋਣ ਇਜਲਾਸ ਧਾਰਮਕ ਸਜ਼ਾ ਦੇ ਐਲਾਨ ਤੋਂ ਪਹਿਲਾਂ ਕਰਵਾਇਆ ਜਾਵੇ।
ਸ਼੍ਰੋਮਣੀ ਅਕਾਲੀ ਦਲ ਚੋਣ ਲਈ ਤਿਆਰ ਹੈ: ਡਾ. ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਚੋਣਾਂ ਚਾਹੇ 28 ਅਕਤੂਬਰ ਨੂੰ ਹੋਣ ਭਾਵੇਂ ਨਵੰਬਰ ਨੂੰ ਹੋਣ, ਮੈਂਬਰਾਂ ਨੇ ਉਸੇ ਦਿਨ ਵੋਟ ਪਾਉਣੀ ਹੈ। ਉਨ੍ਹਾਂ ਕਿਹਾ ਕਿ ਮੈਂਬਰ ਇੰਨੇ ਸਾਲ ਨਹੀਂ ਟੁੱਟੇ ਤਾਂ ਹੁਣ ਕੱੁਝ ਦਿਨਾਂ ਵਿਚ ਕਿਵੇਂ ਟੁੱਟ ਸਕਦੇ ਹਨ। ਉਨ੍ਹਾਂ ਕਿਹਾ ਅਕਾਲੀ ਦਲ ਦਲ ਨੂੰ ਜਿੱਤ ਦਾ ਭਰੋਸਾ ਹੈ। ਇਸ ਲਈ ਅਸੀਂ ਕਿਹਾ ਹੈ ਕਿ ਚੋਣ ਪਹਿਲਾਂ ਵੀ ਕਰਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਕੋਈ ਸ਼ੱਕ ਹੁੰਦਾ ਤਾਂ ਅਸੀਂ ਚੋਣ ਡੇਢ ਮਹੀਨਾ ਦੇਰੀ ਨਾਲ ਚੋਣ ਕਰਵਾਉਣ ਲਈ ਵੀ ਕਹਿ ਸਕਦੇ ਸੀ ।
ਕਾਹਲੀ ਵਿਚ ਕਰਵਾਈ ਜਾ ਰਹੀ ਹੈ ਚੋਣ : ਬੀਬੀ ਲਾਂਡਰਾਂ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਆਗੂ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਆਮ ਤੌਰ ’ਤੇ ਨਵੰਬਰ ਵਿਚ ਹੋਣ ਦੀ ਰਿਵਾਇਤ ਹੈ ਪਰ ਇਸ ਵਾਰ ਇਹ ਕਾਹਲੀ ਵਿਚ ਅਕਤੂਬਰ ਵਿਚ ਕਰਵਾਈ ਜਾ ਰਹੀ ਹੈ ਕਿਉਂਕਿ ਅਕਾਲੀ ਦਲ ਨੂੰ ਡਰ ਹੈ ਕਿ ਮੈਂਬਰ ਇਧਰੋਂ ਉਧਰ ਜਾ ਸਕਦੇ ਹਨ। ਇਸ ਲਈ ਬੁਖਲਾਹਟ ਵਿਚ ਆ ਕੇ ਚੋਣ ਜਲਦੀ ਵਿਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਫ਼ੈਸਲੇ ਉਲਟ ਫੇਰ ਵਾਲੇ ਹੋ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚੋਣ ਲਈ ਤਿਆਰ ਹੈ।