
ਭਾਈ ਜਸਵੰਤ ਸਿੰਘ ਖਾਲੜਾ ਕੇਸ ਵਿਚ ਵੀ ਬਾਦਲਕਿਆਂ ਨੇ ਦੋਸ਼ੀਆਂ ਨੂੰ ਵਕੀਲ ਕਰ ਕੇ ਦਿਤੇ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇੰਨਸਾਫ਼ ਸੰਘਰਸ਼ ਕਮੇਟੀ, ਮਨੁੱਖੀ ਅਧਿਕਾਰ ਸੰਗਠਨ ਨੇ ਆਖਿਆ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਨੇ ਇਕ ਵਾਰ ਫਿਰ ਮੰਨੂਵਾਦੀਆਂ ਤੇ ਉਨ੍ਹਾਂ ਦੇ ਦਲਾਲ ਬਾਦਲਕਿਆਂ ਦੇ ਅਸਲ ਚੇਹਰੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਜਿਥੇ ਸ਼੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲਾ, ਪੰਜਾਬ ਅੰਦਰ ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਅਤੇ ਨਸ਼ਿਆਂ ਰਾਂਹੀ ਜਵਾਨੀ ਦਾ ਘਾਣ, ਕਾਂਗਰਸ, ਭਾਜਪਾ ਤੇ ਬਾਦਲਕਿਆਂ ਦੀ ਸਾਂਝੀ ਯੋਜਨਾਬੰਦੀ ਦਾ ਸਿੱਟਾ ਸੀ
ਉੱਥੇ ਭਾਈ ਰਾਜੋਆਣਾ ਦੀ ਫਾਂਸੀ ਅਤੇ ਬੰਦੀ ਸਿੱਖਾਂ ਨੂੰ 30-32 ਸਾਲਾਂ ਤੋਂ ਜੇਲਾਂ ਵਿਚ ਰੋਲਣ ਦਾ ਏਜੰਡਾ ਵੀ ਉਪਰੋਕਤ ਧਿਰਾਂ ਦੀ ਸਾਂਝੀ ਯੋਜਨਾਬੰਦੀ ਦਾ ਸਿੱਟਾ ਸੀ। ਇਹੋ ਕਾਰਨ ਹੈ ਕਿ ਬਾਦਲਕਿਆਂ ਨੇ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ ਰਾਂਹੀ ਹੋਈ ਸਿੱਖਾਂ ਦੀ ਕੁਲਨਾਸ਼ ਸਮੇਂ ਡਬਲ ਰੋਲ ਹੀ ਨਹੀਂ ਨਿਭਾਇਆ, ਸਗੋਂ ਉਹ ਦਿੱਲੀ ਨਾਗਪੁਰ ਨਾਲ ਰਲ ਕੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਰਾਂਹੀ ਨਸ਼ੇ ਫੈਲਾਉਣ ਤੇ ਬੇਅਦਬੀਆਂ ਕਰਾਉਣ ਤੱਕ ਚਲੇ ਗਏ।
ਐਡਵੋਕੇਟ ਜਗਦੀਪ ਸਿੰਘ ਰੰਧਾਵਾ,ਬਾਬਾ ਦਰਸ਼ਨ ਸਿੰਘ ,ਗੁਰਬਚਨ ਸਿੰਘ, ਕਿਰਪਾਲ ਸਿੰਘ ਰੰਧਾਵਾ, ਸਤਵੰਤ ਸਿੰਘ, ਕਾਬਲ ਸਿੰਘ, ਬੌਬੀ ਕੁਮਾਰ ਅਤੇ ਦਲੇਰ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਹ ਜੇਲਾਂ ਵਿਚ ਬੰਦ ਸਿੱਖਾਂ ਨੂੰ ਅਤਿਵਾਦੀ-ਵੱਖਵਾਦੀ ਦੱਸਦੇ ਰਹੇ ਤੇ ਉਨ੍ਹਾਂ ਦੀ ਰਿਹਾਈ ਦਾ ਡਰਾਮਾ ਵੀ ਕਰਦੇ ਰਹੇ। ਉਹ ਕੇਂਦਰ ਨਾਲ ਰਲ ਕੇ ਧਰਮ ਯੁੱਧ ਮੋਰਚੇ ਸਮੇਂ ਗੁਪਤ ਮੀਟਿੰਗਾਂ ਵੀ ਕਰਦੇ ਰਹੇ।
ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਜਿੰਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਅਮਰ ਸ਼ਹੀਦ ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਨੇ ਬਾਕੀ ਬੰਦੀ ਸਿੱਖਾਂ ਨੂੰ ਝੂਠੇ ਮੁਕਾਬਲੇ ਬਣਾਉਣ ਵਾਲੇ ਮੁੱਖ ਮੰਤਰੀ ਨੂੰ ਨਰਕਾਂ ਨੂੰ ਤੋਰ ਕੇ ਉਹ ਕਾਰਜ ਕੀਤਾ ਜੋ ਭਾਰਤ ਦੀ ਸੁਪਰੀਮ ਕੋਰਟ ਨੂੰ ਕਰਨਾ ਚਾਹੀਦਾ ਸੀ।
ਭਾਈ ਜਸਵੰਤ ਸਿੰਘ ਖਾਲੜਾ ਕੇਸ ਵਿਚ ਵੀ ਬਾਦਲਕਿਆਂ ਨੇ ਦੋਸ਼ੀਆਂ ਨੂੰ ਵਕੀਲ ਕਰ ਕੇ ਦਿਤੇ। ਭਾਈ ਰਾਜੋਆਣਾ ਦੀ ਫਾਂਸੀ ਨੂੰ ਲਗਾਤਾਰ ਭਾਜਪਾ ਨਾਲ ਸਾਂਝ ਹੋਣ ਦੇ ਬਾਵਜੂਦ ਵੀ ਰੱਦ ਨਹੀਂ ਕਰਾ ਸਕੇ। ਉਨ੍ਹਾ ਕਿਹਾ ਕਿ ਬਾਦਲ ਦਲ ਦੀ ਨਵੀਂ ਕੰਪਨੀ ਹੋਵੇ ਜਾਂ ਪੁਰਾਣੀ ਇੰਨ੍ਹਾਂ ਤੋਂ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ। ਅੱਜ ਮੰਨੂਵਾਦੀਏ ਤੇ ਉਨ੍ਹਾਂ ਦੇ ਦਲਾਲ ਜਿੰਨ੍ਹਾਂ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਸ਼੍ਰੀ ਦਰਬਾਰ ਸਾਹਿਬ ਤੇ ਤੋਪਾਂ-ਟੈਂਕਾਂ ਨਾਲ ਹਮਲਾ ਕੀਤਾ ਅਤੇ ਚੱਪੇ-ਚੱਪੇ ਤੇ ਝੂਠੇ ਮੁਕਾਬਲੇ ਬਣਾਏ, ਉਹ ਸਿੱਖਾਂ ਨੂੰ ਕਾਨੂੰਨ ਦਾ ਪਾਠ ਪੜ੍ਹਾ ਰਹੇ ਹਨ।
ਉਨ੍ਹਾਂ ਕਿਹਾ ਕਿ ਬੀਬੀ ਕਿਰਨਜੋਤ ਕੌਰ ਦਾ ਬਿਆਨ ਬਾਦਲਕਿਆਂ ਦੀ ਨੀਤੀ ਅਨੁਸਾਰ ਹੈ। ਇੰਨ੍ਹਾਂ ਨੂੰ ਭਾਈ ਰਾਜੋਆਣਾ ਨੂੰ ਕਰ ਕੇ ਦਿਤੇ ਵਕੀਲ ਚੁਭ ਰਹੇ ਹਨ, ਪਰ ਉਹ ਨਹੀਂ ਚੁਭਦੇ ਜਿਹੜੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਕਰ ਕੇ ਦਿੰਦੇ ਰਹੇ। ਬੀਬੀ ਨੇ ਠੀਕ ਹੀ ਕਿਹਾ ਹੈ ਕਿਉਂ ਕਿ ਬਾਦਲ ਦਲ ਦਾ ਏਜੰਡਾ ਤਾਂ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਦੇ ਹੱਕ ਵਿਚ ਖਲੋਣ ਦਾ ਸੀ
ਉਹ ਕਿਵੇਂ ਰਾਜੋਆਣਾ ਦੇ ਹੱਕ ਵਿਚ ਖਲੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਰਾਜੋਆਣਾ ਦੀ ਫਾਂਸੀ ਲੋਚਦੀਆਂ ਧਿਰਾਂ, ਜੇਲਾਂ ਵਿਚ ਸਿੱਖਾਂ ਨੂੰ ਰੋਲਣ ਵਾਲੀਆਂ ਧਿਰਾਂ, ਫ਼ੌਜੀ ਹਮਲੇ ਤੇ ਝੂਠੇ ਮੁਕਾਬਲਿਆਂ, ਬੇਅਦਬੀਆਂ, ਨਸ਼ਿਆਂ ਦੇ ਪਾਪ ਵਿਚ ਸ਼ਾਮਲ ਧਿਰਾਂ ਦਾ 10 ਦਸੰਬਰ ਸਮਾਜਕ ਬਾਈਕਾਟ ਹੋਣਾ ਚਾਹੀਦਾ ਹੈ।