ਨਰਾਇਣ ਸਿੰਘ ਚੌੜਾ ਤੇ ਜਥੇਦਾਰ ਹਰਪ੍ਰੀਤ ਸਿੰਘ ਵਿਰੁਧ ਕਾਰਵਾਈ ਦੀ ਸੰਭਾਵਨਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ 72 ਘੰਟਿਆਂ ਦੇ ਨੋਟਿਸ ਤੋਂ ਅੱਜ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ ਜੋ ਧਮਾਕਾਖ਼ੇਜ ਹੋਣ ਦੀ ਸੰਭਾਵਨਾ ਹੈ ਤੇ ਪੰਥਕ ਹਲਕੇ ਮੰਨ ਕੇ ਚਲ ਰਹੇ ਹਨ ਕਿ ਇਸ ਬੈਠਕ ਵਿਚ ਬਾਦਲਾਂ ਦੇ ਵਿਰੋਧੀਆਂ ਵਿਰੁਧ ਫ਼ੈਸਲੇ ਹੋ ਸਕਦੇ ਹਨ ਜਿਸ ਨਾਲ ਸਦਭਾਵਨਾ ਭਰਿਆ ਮਾਹੌਲ ਧੁੰਦਲਾ ਹੋ ਸਕਦਾ ਹੈ।
ਚਰਚਾਵਾਂ ਦਾ ਮਾਹੌਲ ਗਰਮ ਹੈ ਕਿ ਭਾਈ ਨਰਾਇਣ ਸਿੰਘ ਚੌੜਾ ਵਿਰੁਧ ਕਾਰਵਾਈ ਦੀ ਵੀ ਚਰਚਾ ਹੈ ਕਿ ਬੀਤੇ ਦਿਨ, ਉਨ੍ਹਾਂ ਨੂੰ ਪੰਥ ਵਿਚੋਂ ਛੇਕਣ ਸਬੰਧੀ ਯਾਦ ਪੱਤਰ ਜਥੇਦਾਰ ਸਾਹਿਬ ਨੂੰ ਦਿਤਾ ਸੀ।
ਜਥੇਦਾਰ ਹਰਪ੍ਰੀਤ ਸਿੰਘ ਤਖ਼ਤ ਦਮਦਮਾ ਸਾਹਿਬ ਬਾਦਲ ਦਲ ਦੀਆਂ ਅੱਖਾਂ ਵਿਚ ਰੜਕ ਰਿਹਾ ਹੈ ਜਿਸ ਦੀ ਮਿਸਾਲ ਵਿਰਸਾ ਸਿੰਘ ਵਲਟੋਹਾ ਹੈ। ਹਰਪ੍ਰੀਤ ਸਿੰਘ ਵਿਰੁਧ ਪ੍ਰਵਾਰਕ ਝਗੜਾ ਵੀ ਚਰਚਾ ਦਾ ਵਿਸ਼ਾ ਬਣਿਆ ਹੈ ਜਿਸ ਨੂੰ ਆਧਾਰ ਬਣਾ ਕੇ, ਉਨ੍ਹਾਂ ਵਿਰੁਧ ਕਾਰਵਾਈ ਕਰ ਕੇ ਅਹੁਦੇ ਤੋਂ ਹਟਾਉਣ ਦੀ ਚਰਚਾ ਹੈ। ਜੇ ਇਹ ਸੱਚ ਸਾਬਤ ਹੋ ਗਿਆ ਤਾਂ ਦੋ ਦਸੰਬਰ ਦੇ ਫ਼ੈਸਲੇ ਪ੍ਰਭਾਵਤ ਹੋ ਸਕਦੇ ਹਨ। ਬਾਦਲ ਦਲ ਨੇ ਅਸਤੀਫ਼ਿਆਂ ਸਬੰਧੀ ਜਥੇਦਾਰ ਸਾਹਿਬ ਤੋਂ 20 ਦਿਨ ਦਾ ਸਮਾਂ ਹੋਰ ਲੈ ਲਿਆ ਹੈ। ਇਹ ਵੀ ਚਰਚਾ ਹੈ ਕਿ ਬਾਦਲ ਪ੍ਰਧਾਨਗੀ ਛੱਡਣ ਦੇ ਰੌਂਅ ਵਿਚ ਨਹੀਂ। ਅੱਜ ਦਾ ਦਿਨ ਕਾਫ਼ੀ ਮਹੱਤਵਪੂਰਨ ਹੈ।