
'ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਗਿਆ'
Giani Harpreet Singh: ਅੱਜ ਬਹੁਤ ਦੁੱਖ ਲੱਗਿਆ ਹੈ। ਜੋ ਸਾਡੇ ਵਿਦਵਾਨਾਂ, ਮਹਾਪੁਰਸ਼ਾਂ ਤੇ ਸਿਆਣੀਆਂ ਰੂਹਾਂ ਨੇ ਸ਼ਾਨਦਾਰ ਪ੍ਰੰਪਰਾਵਾਂ ਕਾਇਮ ਕੀਤੀਆਂ ਸਨ। ਅੱਜ ਉਨ੍ਹਾਂ ਸ਼ਾਨਦਾਰ ਪਰੰਪਰਾਵਾਂ ਨੂੰ ਮਿੱਟੀ 'ਚ ਰੋਲਣ ਦਾ ਕੰਮ ਕੀਤਾ ਗਿਆ। ਪਿਛਲੇ 100 ਸਾਲਾਂ ਤੋਂ ਜਦੋਂ ਕਿਸੇ ਜਥੇਦਾਰ ਦੀ ਨਿਯੁਕਤੀ ਹੁੰਦੀ ਸੀ। ਜਥੇਦਾਰ ਦੀ ਨਿਯੁਕਤੀ ਲਈ ਵਿਧੀ ਵਿਧਾਨ ਮੁਤਾਬਕ ਮਰਿਆਦਾ ਅਪਣਾਈ ਜਾਂਦੀ ਸੀ।
ਪਹਿਲੀ ਦਸਤਾਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਸੀ। ਜੇ ਹੈੱਡ ਗ੍ਰੰਥੀ ਮੌਜੂਦ ਨਾ ਹੋਣ ਤਾਂ ਸਿੰਘ ਸਾਹਿਬਾਨ ਦਸਤਾਰ ਦਿੰਦੇ ਸਨ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਸਤਾਰ ਦਿੰਦੇ ਸਨ। ਫਿਰ SGPC ਪ੍ਰਧਾਨ ਤੇ ਪੰਥਕ ਜਥੇਬੰਦੀਆਂ ਜਥੇਦਾਰ ਨੂੰ ਦਸਤਾਰ ਭੇਂਟ ਕਰਦੀਆਂ ਸਨ। ਇਸ ਤਰ੍ਹਾਂ ਪੰਥ ਵੱਲੋਂ ਜਥੇਦਾਰ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਸੀ।
ਉਨ੍ਹਾਂ ਕਿਹਾ ਕਿ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਜਥੇਦਾਰ ਦੀ ਨਿਯੁਕਤੀ ਉਦੋਂ ਕੀਤੀ ਗਈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੋਇਆ ਸੀ। ਨਾ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ, ਗ੍ਰੰਥੀ ਤੇ ਸਿੰਘ ਸਾਹਿਬਾਨ ਹਾਜ਼ਰ ਸਨ। ਤੇ ਨਾ ਹੀ ਹੋਰ ਤਖ਼ਤਾਂ ਦੇ ਹੈੱਡ ਗ੍ਰੰਥੀ ਤੇ ਗ੍ਰੰਥੀ ਸਾਹਿਬਾਨ ਹਾਜ਼ਰ ਸਨ। ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੀਤ ਪ੍ਰਧਾਨ ਤੇ ਮੈਂਬਰ ਹਾਜ਼ਰ ਸਨ। ਨਾ ਹੀ ਕੋਈ ਸਿੱਖ ਸੰਪਰਦਾ ਤੇ ਸਿੰਘ ਸਭਾ ਉੱਥੇ ਮੌਜੂਦ ਸੀ। ਇਹ ਸਾਡੀ ਮਰਿਆਦਾ ਦੀ ਘੋਰ ਉਲੰਘਣਾ ਹੈ।
ਉਨ੍ਹਾਂ ਕਿਹਾ ਕਿ ਜੋ ਅੱਜ ਤੜਕਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਸਮੁੱਚੀ ਸਿੱਖ ਕੌਮ ਤੇ ਸਮੁੱਚੀਆਂ ਪੰਥਕ ਤਖ਼ਤ ਸਭਾ ਸੁਸਾਇਟੀਆਂ ਜਥੇਬੰਦੀਆਂ ਸੰਪਰਦਾਵਾਂ ਨੂੰ ਇਕੱਠੇ ਹੋ ਕੇ ਸੋਚਣਾ ਪਵੇਗਾ ਕਿ ਜੋ ਅੱਜ ਮਰਿਆਦਾ ਦਾ ਘਾਣ ਹੋਇਆ ਇਸ ਦਾ ਮੁੱਖ ਦੋਸ਼ੀ ਕੌਣ ਹੈ। ਜ਼ਿੰਮੇਵਾਰੀ ਤੈਅ ਕਰਨੀ ਪਵੇਗੀ ਜਿਸ ਨੇ ਮਰਿਆਦਾ ਦਾ ਘਾਣ ਕੀਤਾ।
ਉਨ੍ਹਾਂ ਕਿਹਾ ਕਿ ਇਸ ਗ਼ਲਤ ਕਾਰਵਾਈ ਨੂੰ ਸਹੀ ਠਹਿਰਾਉਣ ਲਈ ਸੁੱਚਾ ਸਿੰਘ ਲੰਗਾਹ ਨੂੰ ਬਿਠਾਇਆ ਗਿਆ ਹੈ। ਇਹ ਵਰਤਾਰਾ ਬਹੁਤ ਮੰਦਭਾਗਾ ਹੈ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਵੀ ਥੋੜ੍ਹੀ ਹੈ।